ਬ੍ਰਾਹਮਣ— ਹੇ ਰਾਜਾ! ਅਵਤਾਰ ਜੋਗੀਆਂ ਵਾਂਙੂ ਸੰਯਮ' ਸਿੱਧ ਕਰਕੇ ਜਤਨ ਨਾਲ ਧ੍ਯਾਨ ਬੰਨ੍ਹਕੇ ਕਰਾਮਾਤ ਨਹੀਂ ਕਰਦੇ, ਉਨ੍ਹਾਂ ਦਾ ਵਾਕ ਸੁਤੇ ਸਿੱਧ ਸਿਰੇ ਚੜ੍ਹਦਾ ਹੈ। ਉਹ ਜਨਮ ਤੋਂ ਸਿੱਧ ਹੁੰਦੇ ਹਨ ਤੇ ਉਹਨਾਂ ਦੀ ਵਾਕ ਸੱਤਾ ਸਫ਼ਲ ਹੁੰਦੀ ਹੈ, ਜੋ ਉਹ ਮੂੰਹੋਂ ਕੱਢਦੇ ਹਨ ਤੇ ਚਿਤੋਂ ਚਾਹੁੰਦੇ ਹਨ ਹੋ ਜਾਂਦਾ ਹੈ। ਜੇ ਕਹੋ ਕਰਾਮਾਤ ਕਰੋ ਤਾਂ ਉਹ ਸਗੋਂ ਨਹੀਂ ਕਰਦੇ, ਪਰਮੇਸ਼ਰ ਦੀ ਇੱਛਾ ਵਿਚ ਆਪਣੀ ਇੱਛਾ ਰਖਦੇ ਹਨ, ਪਰ ਸਹਿਜ ਸੁਭਾ ਜੋ ਉਹਨਾਂ ਦੇ ਮੂੰਹੋਂ ਨਿਕਲੇ ਹੋ ਜਾਂਦਾ ਹੈ। ਰਾਮਰਾਇ, ਹਾਂ ਮੈਂ ਜਾਣਦਾ ਹਾਂ; ਇਕ ਵਾਰੀ ਪਾਰਲੇ ਪਿੰਡ ਆਏ, ਇਧਰ ਬੀ ਆਏ ਸੇ, ਮੈਂ ਵੇਖੇ ਸੇ, ਹਾਂ ਉਹ ਵਿਭੂਤੀਆਂ ਦੇ ਵਸੀਕਾਰ ਵਾਲੇ ਸਿੱਧ ਜੋਗੀ ਹਨ, ਪਰ ਉਹ, ਜ਼ੋ ਮੈਂ ਤੁਸਾਂ ਨੂੰ ਦੱਸੇ ਹਨ, ਧੁਰੋਂ ਆਏ ਅਵਤਾਰ ਹਨ। ਉਹ ਕਰਾਮਾਤ ਨਹੀਂ ਕਰਦੇ, ਨਾ ਦਿਖਾਉਂਦੇ ਹਨ, ਪਰ ਉਨ੍ਹਾਂ ਤੋਂ ਆਪੂੰ ਜੋ ਕੁਛ ਸਹਿਜ ਸੁਭਾ ਹੁੰਦਾ ਹੈ ਕਰਾਮਾਤਾਂ ਤੋਂ ਵੱਧ ਹੁੰਦਾ ਹੈ। ਹੰਕਾਰ ਹੀ ਹੈ ਨਾ ਰਾਜਾ! ਪਰ ਉਨ੍ਹਾਂ ਵਿਚ ਨਹੀਂ ਹੁੰਦਾ, ਉਨ੍ਹਾਂ ਵਿਚ ਸ਼ੁੱਧ ਕਲਾ ਹੁੰਦੀ ਹੈ! ਦੂਜਿਆਂ ਹਮਾਤੜਾਂ ਤਪੀਆਂ ਵਿਚ ਹੰਕਾਰ ਤੇ ਇਕਾਗ੍ਰਤਾ ਤੋਂ ਉਪਜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਹਨ। ਧਿਆਨ ਹੀ ਹੈ ਨਾ ਰਾਜਾ, ਜਿੱਥੇ ਲਾਇਆ ਲੱਗ ਗਿਆ, ਜਿੱਥੇ ਲੱਗ ਗਿਆ ਉਥੇ ਸਿੱਧੀ ਹੋ ਗਈ।
ਇਸ ਪ੍ਰਕਾਰ ਗੱਲਾਂ ਬਾਤਾਂ ਕਰਦੇ ਇਸ ਸਿਧਾਂਤ ਤੇ ਅੱਪੜੇ ਕਿ 'ਜੇ ਰਿਖੀ ਜੀਦੇ ਝਾਉਲੇ ਦਰੁਸਤ ਹਨ, ਤਾਂ ਉਹ ਅਨੰਦਪੁਰ ਵਾਲੇ ਗੁਰੂ ਜੀ ਅਵਤਾਰ ਹਨ, ਅਤੇ ਪਤੇ ਸਾਰੇ ਮਿਲਦੇ ਹਨ' ਤੇ ਜੇ ਨਹੀਂ ਬੀ ਤਾਂ ਬੀ ਸਾਨੂੰ ਰਸਤਾ ਮਿਲ ਗਿਆ ਹੈ! ਉਹ ਸ਼ਸਤ੍ਰਧਾਰੀ ਹਨ, ਸੂਰਬੀਰ ਹਨ, ਉਹਨਾਂ ਦੇ ਬੀਰਾਂ ਦੀ ਬਹਾਦਰੀ ਦੀ ਧਾਕ ਹੈ। ਜੇ ਸਾਡੇ ਮਿਤ੍ਰ ਹੋ ਜਾਣ ਤਾਂ ਪਾਸਾ ਜ਼ਰੂਰੀ ਭਾਰੀ ਹੋ ਜਾਏਗਾ। ਜਿਸ ਗੱਦੀ ਦਾ ਰਾਮ ਰਾਇ ਹੈ ਉਸੇ ਗੱਦੀ ਦੇ ਖ਼ੁਦ ਇਹ ਮਾਲਕ ਹਨ। ਇਹਨਾਂ ਦੇ ਪਿੱਛੇ ਮਾਝਾ, ਮਾਲਵਾ, ਦੜਪ, ਨੱਕਾ, ਧੰਨੀ, ਪੋਠੋਹਾਰ, ਉਧਰ ਸਿੰਧ ਤੇ ਇਧਰ ਦੱਖਣ ਤਕ ਐਸ਼ਵਰਜ ਹੈ, ਉਹਨਾਂ ਨੂੰ ਆਪਣੇ ਰਾਜ ਵਿਚ ਲੈ ਆਈਏ, ਇਹ ਚਾਲ ਜ਼ਰੂਰ ਸੁਹਣੀ ਹੈ ਜੋ ਅੱਜ ਰਿਖੀ ਜੀ ਦੇ ਦਰਸ਼ਨ ਤੋਂ ਸੁੱਝੀ ਹੈ।