ਜਦੋਂ ਆਨੰਦਪੁਰ ਤੋਂ ਨਾਹਨ ਜਾਣ ਦੀ ਤਿਆਰੀ ਹੋ ਰਹੀ ਸੀ, ਉਹਨਾਂ ਦਿਨਾਂ ਵਿਚ ਇਕ ਦਿਨ ਸਵੇਰ ਸਾਰ ਦਸਵੇਂ ਸਤਿਗੁਰ ਨਾਨਕ ਜੀ ਸਤਲੁਜ ਦੇ ਕਿਨਾਰੇ ਅੰਮ੍ਰਿਤ ਵੇਲੇ ਤੋਂ ਬੈਠੇ ਸੇ, ਇਕਾਂਤ ਸੀ ਤੇ ਆਪ ਇਕੱਲੇ ਸੇ; ਨੈਣ, ਇਲਾਹੀ ਜਲਵੇ ਵਾਲੇ ਨੈਣ, ਬੰਦ ਹੋ ਗਏ, ਡੇਢ ਪੌਣੇ ਦੋ ਸੌ ਵਰ੍ਹੇ ਦਾ ਪਿਛਲਾ ਸਮਾਂ ਅੰਦਰੋਂ ਖੁੱਲ੍ਹੇ ਨੈਣਾਂ ਦੇ ਅੱਗੇ ਵਿਛ ਗਿਆ। ਬਿਰਦ ਬਾਣੇ ਦਾ ਹੁਲਾਸ ਆਇਆ, ਜੰਗਲ ਵਿਚ ਤਦੋਂ ਦਾ ਬੁੱਢਾ ਫ਼ਕੀਰ, ਹਠੀਆ ਤਪੀਆ, ਨਿਰਾਸ ਤੇ ਦੁਖੀ ਡਿੱਠਾ ਪਛਾਣਿਆਂ, 'ਹਾਂ' ਇਸ ਨੂੰ ਇਸ ਉਦਾਸ ਦਸ਼ਾ ਵਿਚ ਪਿਆਰ ਕੀਤਾ ਸੀ, ਗੇਣਤੀਆਂ ਵਿਚੋਂ ਕੱਢ, ਹਿਸਾਬਾਂ ਤੋਂ ਚੱਕ, ਸੋਚਾਂ ਤੋਂ ਉੱਚਾ ਕਰ ਵਾਹਿਗੁਰੂ ਦੀ ਸਦਾ ਹਜ਼ੂਰੀ ਦੇ ਚਬੂਤਰੇ ਤੇ ਚਾੜ੍ਹਿਆ ਸੀ, ਖੀਵਾ ਕੀਤਾ ਸੀ, ਬੇਖ਼ੁਦੀਆਂ ਦੀ ਪੀਂਘ ਝੁਟਾਈ ਸੀ ਤੇ ਆਖਿਆ ਸੀ-“ਦੁੱਧ ਛੇਵੇਂ ਜਾਮੇਂ ਪੀਆਂਗੇ" ਤੇ ਛੇਵੇਂ ਜਾਮੇਂ ਆਪਣਾ ਲਾਇਆ ਬੂਟਾ ਪਲਿਆ ਹੋਇਆ ਤੱਕਿਆ ਸੀ, ਦੁੱਧ ਪੀਤਾ ਸੀ, ਤੇ ਆਖਿਆ ਸੀ, "ਫੇਰ ਪੀਆਂਗੇ, ਬਈ ਫੇਰ ਪੀਆਂਗੇ"। ਉਹ ਪਿਆਰਾ ਹੁਣ ਪੱਕਾ ਫਲ ਹੈ, ਬ੍ਰਿਧ ਉਮਰਾ ਨਾਲ ਢੁੱਕ ਖੜੋਤਾ ਹੈ, ਪਰ ਫਲ ਤਰੋਤਾਜ਼ਾ ਰਸ ਭਰਿਆ ਪਾਤਸ਼ਾਹੀ ਮਹਿਲਾਂ ਲਈ ਤਿਆਰ ਹੈ'।
ਜਿਵੇਂ ਪਹਿਲੇ ਜਾਮੇਂ ਲਾਇਆ ਸੀ, ਤੇ ਛੇਵੇਂ ਜਾਮੇਂ ਪਾਲਿਆ ਸੀ, ਤਿਵੇਂ ਹੁਣ ਬਿਨ ਕਾਂਪ ਖਾਧੇ ਪੱਕ ਗਏ ਫਲ ਨੂੰ ਆਪਣੇ ਪਾਲਕ ਵਾਹਿਗੁਰੂ ਦੀ ਭੇਟ ਕਰੀਏ, ਬਿਰਦ ਦੀ ਲਾਜ ਪਾਲੀਏ। ਕਦੇ ਨਾ ਭੁੱਲਣ ਵਾਲੇ ਤੇ ਯਾਦਾਂ ਦੇ ਸਾਂਈਂ ਸਤਿਗੁਰ ਜੀ ਆਪਣੇ ਪਿਆਰੇ ਨੂੰ ਚਿਤਾਰਕੇ ਉਥੋਂ ਹੀ ਤਿਆਰੇ ਕਰਕੇ ਫ਼ਕੀਰ ਸਾਂਈ ਵੱਲ ਟੁਰ ਪਏ।
ਬੁੱਢਣ ਸ਼ਾਹ ਨੇ ਅੱਜ ਲਿਵਲੀਨਤਾ ਤੋਂ ਅੱਖ ਖੋਹਲੀ ਤਾਂ ਉੱਪਰ ਦੇ ਦਾਉ ਨੂੰ ਤੱਕਿਆ, ਪਿਆਰ ਦੇ ਹੁਲਾਰੇ ਵਿਚ ਆ ਕੇ ਆਖਿਓਸੁ- “ਵਿਸਮਾਦ ਹੀ ਵਿਸਮਾਦ ਹੈ। ਆਪਣੇ ਆਪ ਵਿਚ ਕਿਹਾ ਹੀ ਸੁਖ ਹੈ, ਅਚਰਜ ਮੌਜ ਹੈ, ਵਾਹ ਵਾਹ! ਵਾਹ ਵਾਹ! ਨਿਰੀ ਵਾਹ ਵਾਹ। ਹੇ ਵਾਹ ਵਾਹ! ਤੂੰ ਵਾਹ ਵਾਹ। ਤੈਨੂੰ ਵਾਹ ਵਾਹ ਇਹ ਵਾਹ ਵਾਹ 'ਗੁਰੂ' ਹੈ ਜਿਨ ਲੇਖਿਓਂ ਕੱਢ ਵਿਸਮਾਦ ਚਾੜ੍ਹਿਆ, ਜਿਨ ਸੋਚੋਂ ਕੱਢ ਰਸ ਵਿਚ
-----------------
1. ਕਬੀਰ ਫਲ ਲਾਗੇ ਫਲਨਿ ਪਾਕਨ ਲਾਗੇ ਆਂਬ॥ ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ। ॥੩੪॥ (ਸਲੋਕ ਕਬੀਰ- ਪੰ. ੧੩੭੧)