

ਸੁਘੜੋ ਦੇ ਪਰਮਾਰਥ ਦੇ ਸ਼ੌਕ ਨੂੰ ਇਹ ਕਿਸੇ ਤੌਖਲੇ ਨਾਲ ਤੱਕਦਾ ਸੀ ਤੇ ਅਕਸਰ ਵੇਰ ਇਸ ਦੇ ਕੱਢੇ ਥਹੁ ਪਤੇ ਬੀਬੀ ਨੂੰ ਸਹਾਈ ਹੁੰਦੇ ਸਨ। ਇਸ ਸਾਧੂ ਪਰ ਇਹ ਬੀ ਤਸੱਲੀ ਪਾ ਗਿਆ ਕਿ ਨਿਰਲੋਭ ਹੈ, ਪਰ ਇਸ ਨੇ ਆਪਣੀ ਖੋਜ ਤਿਆਗੀ ਨਹੀਂ ਸੀ। ਇਕ ਦਿਨ ਸੁਘੜੋ ਨੇ ਇਸ ਸਾਧੂ ਤੋਂ ਮੰਤਰ ਮੰਗਿਆ। ਸਾਧੂ ਨੇ ਕਿਹਾ ਕਿ: "ਪਹਿਲੋਂ ਆਪਣੇ ਘਰੋਂ ਰਾਮ ਮੂਰਤੀ ਦੂਰ ਕਰ, ਅਗੋਂ ਨੂੰ ਰਾਮ ਉਪਾਸ਼ਕ ਸਾਧੂਆਂ ਦਾ ਸੰਗ ਤ੍ਯਾਗ ਕਰੇਂ ਤਾਂ ਅਸੀਂ ਉਪਦੇਸ਼ ਦੇ ਸਕਦੇ ਹਾਂ।” ਜਦ ਬੀਬੀ ਨੇ ਕਾਰਣ ਪੁਛਿਆ ਤਾਂ ਉਸ ਨੇ ਦੱਸਿਆ ਕਿ "ਇਸਟ ਇਕ ਚਾਹੀਏ, ਦੋ ਸੇ ਪਾਰ ਨਹੀਂ ਹੋਤਾ 'ਏਕੋ ਦੇਵ: ਕੇਸ਼ਵੋ ਵਾ ਸ਼ਿਵੋ ਵਾ" । ਦੋ ਮਿਲੇਂ ਤੋ ਸ਼ਿਰੋਮਣੀ ਕੋ ਚੁਨੋ। ਰਾਮ ਜੀ ੧੬ ਕਲਾਂ ਸੰਪੂਰਨ ਅਵਤਾਰ ਨਹੀਂ, ਕ੍ਰਿਸ਼ਨ ੧੬ ਕਲਾਂ ਸੰਪੰਨ ਹੈਂ, ਪੂਰਨ ਅਵਤਾਰ ਹੈਂ, ਇਨ ਕੋ ਚੁਣੋ।” ਇਹ ਗੱਲ ਸੁਘੜੋ ਦੇ ਦਿਲ ਲੱਗੀ, ਸੋ ਬੈਰਾਗੀ ਉਪਾਸਨਾ ਉਸ ਨੇ ਦੂਰ ਕਰ ਦਿੱਤੀ। ਪਰ ਮੰਤ੍ਰ ਅਜੇ ਉਸਨੇ ਨਹੀਂ ਸੀ ਲਿਆ ਕਿ ਇਕ ਦਿਨ ਚੋਖੇ ਨੇ ਆ ਕੇ ਦੱਸਿਆ ਕਿ- "ਬੀਬੀ! ਏਥੇ ਬੀ ਮਾਯਾ ਵਰਤ ਰਹੀ ਹੈ। ਇਕ ਬੀਬੀ ਜੋ ਫਲਾਣੇ ਪਿੰਡੋਂ ਆਉਂਦੀ ਹੁੰਦੀ ਸੀ ਉਹ ਬਹੁਤ ਸਾਰਾ ਗਹਿਣਾ ਅਰਪਨ ਕਰ ਗਈ ਹੈ ਚੋਰੀ ਘਰਦਿਆਂ ਤੋਂ ਤੇ ਹੁਣ ਉਸਦੇ ਘਰ ਕੁਪੱਤ ਹੋ ਰਿਹਾ ਹੈ। ਇਹ ਝੇੜਾ ਹੁਣ ਤੁਸਾਂ ਤੱਕ ਆਉਣ ਵਾਲਾ ਹੈ।" ਗੱਲ ਕੀਹ ਉਹ ਮਾਮਲਾ ਸੁਘੜੋ ਤਕ ਸਾਧੂ ਨੂੰ ਸਮਝਾਉਣ ਲਈ ਪੁੱਜਾ। ਤਦੋਂ ਸੁਘੜੋ ਨੇ ਕ੍ਰਿਸ਼ਨ ਕੁਮਾਰ ਨੂੰ ਆਖਿਆ ਕਿ- "ਤੁਸੀਂ ਮਾਯਾ ਤੋਂ ਵੈਰਾਗੀ ਪੁਰਖ ਹੋ, ਕ੍ਰਿਸ਼ਨ ਪ੍ਰੇਮ ਵਿਚ ਮੱਤੇ ਹੋ, ਤੁਸਾਂ ਨੂੰ ਇਸ ਪਦਾਰਥ ਦੀ ਕੀਹ ਲੋੜ ਹੈ? ਜਦ ਘਰ ਦੇ ਦੇਕੇ ਖੁਸ਼ ਨਹੀਂ ਤਾਂ ਮੱਥੇ ਮਾਰੋ ਨੇ।” ਪਰ ਸਾਧੂ ਨੇ ਕਿਹਾ ਕਿ- "ਬੀਬੀ ਕੇ ਪ੍ਰੇਮ ਕੀ ਇਸ ਮੇਂ ਹਾਨੀ ਹੈ।” ਸੁਘੜੋ ਨੇ ਹਾਹੁਕਾ ਖਾਧਾ: "ਹਾਇ! ਖ਼ਬਰੇ ਇਕੱਲ ਹੀ ਚੰਗੀ ਸ਼ੈ ਹੈ ਤੇ ਤਦੇ ਵਿਧਾਤਾ ਨੇ ਮੈਨੂੰ ਦਿੱਤੀ ਹੈ।”
"ਮਨਾ! ਦੇਖ ਜੋਗੀ ਸੁਣਿਆਂ ਹੈ ਏਕਾਂਤ ਢੂੰਡਦੇ ਫਿਰਦੇ ਹਨ, ਤੈਨੂੰ ਮਿਲੀ ਹੈ ਤਾਂ ਤੂੰ ਇਸ ਤੋਂ ਕੰਨੀ ਕਤਰਾਈ ਫਿਰਦੀ ਹੈਂ।”
-------------