

ਆਚਾਰ ਹੁਣ ਬੀ ਸੁੱਚੇ ਹਨ, ਪਰ ਉਸ ਦੇ ਦਿਮਾਗ਼ ਨੂੰ ਕੁਛ ਹੋ ਗਿਆ ਹੈ ਕਿ ਕੋਈ ਹੋਰ ਖੇਦ ਹੈ, ਉਹ ਹਰਨਾਕਸ਼ ਵਾਂਗੂੰ ਆਪਣੇ ਨਾਮ ਦਾ ਜਾਪ ਜਪਾ ਰਹੀ ਹੈ। ਆਪਣੀ ਪੂਜਾ ਕਰਾ ਰਹੀ ਹੈ। ਪਾਤਸ਼ਾਹ! ਹੋਰ ਤਾਂ ਹੋਰ, ਅਪਣਾ ਨਾਮ ਤਾਂ ਹਰਨਾਕਸ਼ ਤੋਂ ਮਗਰੋਂ ਏਸ ਨੇ ਹੀ ਜਪਾਯਾ ਹੈ। ਲੋਕੀਂ ਮੂਰਖ ਉਸ ਦੇ ਮਗਰ ਬੀ ਲਗ ਪਏ ਹਨ। ਉਸ ਦੇ ਦੁਆਰੇ ਪਲਣ ਵਾਲੇ ਮੰਗਤੇ ਉਸ ਦੀ ਬਹੁਤ ਮਹਿਮਾਂ ਕਰਦੇ ਹਨ। ਤ੍ਰੀਮਤਾਂ, ਮਰਦ, ਸੰਤ ਉਸ ਨੇ ਦਰਮਾਹੇ ਦੇ ਕੇ ਰੱਖੇ ਹੋਏ ਨੇ। ਤ੍ਰੀਕਿਆਂ ਨਾਲ ਓਹ ਲੋਕਾਂ ਨੂੰ ਪ੍ਰੇਰ ਫਸਾ ਕੇ ਉਧਰ ਲੈ ਜਾ ਰਹੇ ਹਨ, ਫੇਰ ਜੀਓ ਚੰਗੇ ਚੰਗੇ ਸਿਆਣੇ ਤੇ ਪੜ੍ਹੇ ਜਨ ਬੀ ਜਾ ਫਸੇ ਹਨ। ਅੱਗੇ ਹੀ ਉਸ ਪਾਸ ਧਨ ਸੀ ਬਥੇਰਾ ਤੇ ਹੁਣ ਤਾਂ ਹੋਰ ਬੀ ਧਨ ਆਉਣ ਲੱਗ ਪਿਆ ਏ, ਜਿਥੇ ਧਨ ਓਥੇ ਅਣਬਣਤਰ ਬੀ ਬਣ ਜਾਂਦੀ ਹੈ।
ਸਤਿਗੁਰੂ ਸੁਣ ਕੇ ਮੁਸਕ੍ਰਾਏ ਤੇ ਬੋਲੇ: 'ਕੋਈ ਸਿਖ ਤਾਂ ਨਹੀਂ ਡੋਲਿਆ ?” ਮੁਖੀਏ ਨੇ ਦੱਸਿਆ: 'ਨਹੀਂ ਪਾਤਸ਼ਾਹ! ਸੋਨੇ ਦੇ ਪਾਰਖੂ ਤੇ ਸੋਨਾ ਜਿਨ੍ਹਾਂ ਦੇ ਪਾਸ ਹੋਵੇ ਉਨ੍ਹਾਂ ਨੂੰ ਰੱਖਣ ਵਾਲਾ ਤੂੰ। ਸਿਖ ਸਾਰੇ ਹਾਸੀ ਕਰਦੇ ਹਨ। ਫ਼ਿਰ ਸਤਿਗੁਰੂ ਹੱਸੇ ਤੇ ਬੋਲੇ: "ਫਿਕਰ ਨਾ ਕਰੋ, ਨਰਦ ਪੁੱਗਣ ਵਾਲੀ ਹੈ; ਆਪਣੇ ਘਰ ਅੱਪੜਨ ਵਾਲੀ ਹੈ। ਬਹੁਤ ਵੇਰ ਕੱਚੀ ਹੋਈ ਹੈ, ਬਹੁਤ ਵੇਰ ਚਾਲੇ ਪਈ ਹੈ। ਜੀਵਨ ਪਾਸਿਆਂ ਵਾਂਙੂ ਪੈਂਦਾ ਹੈ ਕਈ ਵੇਰ। ਜਿਸਦੀ ਸਾਂਈਂ ਰੱਖੇ ਉਹਦੀ ਰਹਿ ਆਉਂਦੀ ਹੈ, ਤੁਸੀਂ ਝੋਰਾ ਨਾ ਖਾਓ।”
ਇਹ ਕਹਿ ਕੇ ਸਤਿਗੁਰ ਨੇ ਨੈਣ ਮੀਟ ਲਏ। ਕੁਛ ਚਿਰ ਮਗਰੋਂ ਖੁਹਲੇ ਤਾਂ ਕਲਮ ਦਵਾਤ ਮੰਗੀ ਤੇ ਉਸ ਵੇਲੇ ਆਪਣੇ ਸੁਹਣੇ ਹੱਥਾਂ ਨਾਲ ਇਹ ਰੁੱਕਾ ਲਿਖਿਆ:-
"ਅਰੀ ਰਿੰਦ, ਅਰੀ ਪਾਖੰਡ! ਅੰਤਰ ਜਗਿਆਸਾ ਪਰਮਾਤਮਾ ਕੀ, ਬਾਹਰ ਦਿਖਾਵਾ ਉਲਟ ਰਹਿਬਰੀ ਕਾ? ਮਤ ਭੁਤਲਾ ਜਗਤ ਕੋ! ਆ ਆ ਕੇ ਮਾਰਗ ਮਿਲੇ ਤੁਝ ਕੋ। ਬਿਲਮ ਨਾਂ ਕਰ, ਸਮਾ ਬਿਹਾ ਰਿਹਾ ਹੈ, ਹਾਜ਼ਰ ਹੋ ਕਿ ਹਜ਼ੂਰੀ ਮਿਲੇ।”
ਇਹ ਰੁੱਕਾ ਸਤਿਗੁਰ ਜੀ ਨੇ ਇਕ ਕਾਸਦ ਦੇ ਹੱਥ ਦਿੱਤਾ ਤੇ ਕਿਹਾ ਕਿ ਸੰਗਤ ਦੇ ਮੁਖੀਏ ਪਾਸੋਂ ਪਤਾ ਲੈ ਕੇ ਉਸ ਬੀਬੀ ਦੇ ਨਗਰ ਜਾ ਕੇ ਪੱਤ੍ਰ ਪਹੁੰਚਾ ਦੇ ਤੇ ਜਵਾਬ ਲੈ ਕੇ ਆਓ।