ਸਿਖਲਾਈ ਆਖਿਆ ਜਾਣਾ ਵਧੇਰੇ ਯੋਗ ਹੋਵੇਗਾ।
ਸਤਿਕਾਰ ਸਭਿਆਚਾਰ ਅਤੇ ਸ਼ਿਸ਼ਟਾਚਾਰ ਰੂਪੀ 'ਪਛਾਣਮੁਲਕ ਪਿਆਰ' ਵਿਚਾਰ ਦੀ ਸੁੰਦਰਤਾ, ਸੁਤੰਤਰਤਾ ਅਤੇ ਸਾਤਵਿਕਤਾ ਦਾ ਨਾਂ ਹੈ। ਮਨੁੱਖਤਾ ਵਿੱਚ ਸਾਂਝ ਅਤੇ ਏਕਤਾ ਦੀ ਭਾਵਨਾ ਵਿਚਾਰ ਦੇ ਵਿਕਾਸ ਬਿਨਾਂ ਸੰਭਵ ਨਹੀਂ। ਵਿਚਾਰ ਦਾ ਵਿਕਾਸ ਇਸ ਭਾਵਨਾ ਦਾ ਹੀ ਦੂਜਾ ਨਾਂ ਹੈ। ਇਸ ਲਈ ਮੈਂ ਮੱਧਕਾਲੀਨ ਅਤੇ ਪੁਰਾਤਨਕਾਲੀਨ ਦਾਰਸ਼ਨਿਕਤਾ ਦੇ ਰਜੋਗੁਣੀ ਵਰਤਾਰੇ ਨੂੰ ਨੰਗਾ ਕਰਨ ਦੇ ਨਾਲ ਨਾਲ ਇਸ ਵਿਚਲੇ ਸਾਤਵਿਕ ਅੰਸ਼ ਦੀ ਗੱਲ ਕਰਦਾ ਹੋਇਆ ਇਹ ਗੱਲ ਕਹਿਣ ਦਾ ਯਤਨ ਕਰਦਾ ਹਾਂ ਕਿ ਹਰ ਪ੍ਰਕਾਰ ਦੀ ਮਨੁੱਖੀ ਸੋਚ, ਮਨੁੱਖਤਾ ਦੀ ਸਾਂਝੀ ਸੋਚ ਹੈ। ਇਹ ਕਿਸੇ ਇੱਕ ਦੇਸ਼ ਦੀ ਕਿਰਤ ਨਹੀਂ। ਜਿੱਥੇ ਇਹ ਭੁੱਲੀ ਹੋ ਉੱਥੇ ਵੀ ਇਹ ਸਾਰੀ ਮਨੁੱਖਤਾ ਦੀ ਭੁੱਲ ਜਾਂ ਮਜਬੂਰੀ ਸੀ ਅਤੇ ਜਿੱਥੇ ਇਸ ਨੇ ਮਨੁੱਖੀ ਕਲਿਆਣ ਦੀ ਭਾਵਨਾ ਨੂੰ ਉਤਾਰਿਆ ਹੈ ਉੱਥੇ ਵੀ ਇਸ ਕਾਰਜ ਦੀ ਵਡਿਆਈ ਦਾ ਹੱਕਦਾਰ ਕੋਈ ਇੱਕ ਸਮਾਜ ਜਾਂ ਦੇਸ਼ ਨਹੀਂ, ਸਗੋਂ ਸਮੁੱਚੀ ਮਨੁੱਖਤਾ ਹੈ।
ਉਪਰੋਕਤ ਦੋ ਚਾਰ ਵਾਕਾਂ ਵਿੱਚ ਆਖੀ ਗਈ ਜਾਂ ਆਖੀ ਜਾ ਸਕਣ ਵਾਲੀ ਗੱਲ ਦਾ, 'ਸੋਚ ਦਾ ਸਫ਼ਰ' ਵਿੱਚ ਏਨਾ ਲੰਮਾ ਚੌੜਾ ਵਿਸਥਾਰ ਕਿਉਂ ਕੀਤਾ ਜਾ ਰਿਹਾ ਹੈ ?
ਇਸ ਲਈ ਕਿ ਵਿਚਾਰ ਦਾ ਵਿਕਾਸ ਅੱਤ ਲੋੜੀਂਦੀ ਅਤੇ ਲੰਮੀ ਪਰਕਿਰਿਆ ਹੈ। ਆਪਣੇ ਭਾਵ ਨੂੰ ਦੋ ਇੱਕ ਵਾਕਾਂ ਵਿੱਚ ਕਹਿ ਕੇ ਉੱਡਦੀ ਉੱਡਦੀ ਗੱਲ ਕਰ ਦੇਣ ਨਾਲ ਸਿਧਾਂਤਾਂ ਦੀ ਪਰੀਪੂਰਣਤਾ ਨਾਲ ਸਾਂਝ ਪਾ ਚੁੱਕੀ ਮਾਨਸਿਕਤਾ ਨੂੰ ਮੁੜ ਵਿਚਾਰਨ ਅਤੇ ਸੁਤੰਤ੍ਰਤਾ ਨਾਲ ਸੋਚਣ ਲਈ ਪ੍ਰੇਰਿਆ ਨਹੀਂ ਜਾ ਸਕਦਾ। ਇਹ ਜ਼ਰੂਰੀ ਹੈ ਕਿ ਅਜੇਹੀ ਮਾਨਸਿਕਤਾ ਨੂੰ ਸੋਚ ਦੇ ਸਮੁੱਚੇ ਸਫ਼ਰ ਦੀ ਹਮਸਫਰ ਬਣਾ ਕੇ ਇਹ ਵਿਖਾਇਆ ਜਾਵੇ ਕਿ ਕਿੱਥੇ ਅਤੇ ਕਦੋਂ ਕਿਹੜਾ ਗਲਤ ਮੋੜ ਮੁੜ ਕੇ ਸੋਚ ਨੇ ਜੀਵਨ ਲਈ ਕਲੇਸ਼ ਦਾ ਬੀ ਬੀਜਿਆ ਹੈ। ਅੱਜ ਜਦੋਂ ਸਾਇੰਸ ਅਤੇ ਤਕਨੀਕ ਦੇ ਸਹਾਰੇ ਧਰਤੀ ਉਤਲਾ ਜੀਵਨ ਸਾਂਝ, ਸਹਿਯੋਗ ਅਤੇ ਸੁੰਦਰਤਾ ਦੀਆਂ ਸੰਭਾਵਨਾਵਾਂ ਦੇ ਸਨਮੁੱਖ ਖਲੋਤਾ ਹੈ, ਉਹ ਸੋਚ ਨੂੰ ਕੋਈ ਗਲਤ ਕਦਮ ਚੁੱਕਣ ਤੋਂ ਰੋਕਣ ਦੇ ਯੋਗ ਤਾਂ ਹੀ ਹੋ ਸਕੇਗਾ ਜੇ ਉਹ ਸੋਚ ਦੇ ਸਮੁੱਚੇ ਇਤਿਹਾਸ ਦੀ ਜਾਣਕਾਰੀ ਰੱਖਦਾ ਹੋਵੇ।
-ਪੂਰਨ ਸਿੰਘ