ਕੰਮ ਘਰ ਲੈ ਕੇ ਆਉਣ। ਚਲੋ ਜੇ ਲਿਆਉਣਾ ਹੀ ਹੈ ਤਾਂ ਦੋ ਚਾਰ ਫਾਈਲਾਂ ਆਪਣੀ ਕਾਰ ਜਾਂ ਜੀਪ ਵਿੱਚ ਰੱਖ ਕੇ ਵੀ ਲਿਆ ਸਕਦੇ ਹਨ। "ਭਲਾ ਇਹ ਕੀ ਸ਼ਾਨ ਹੋਈ ਕਿ ਆਪ ਖਾਲੀ ਹੱਥ ਘਰ ਆ ਜਾਓ- ਉਹ ਵੀ ਕਾਰ ਜਾਂ ਜੀਪ ਵਿੱਚ ਬੈਠ ਕੇ ਅਤੇ ਤੁਹਾਡੇ ਪਿੱਛੇ ਪਿੱਛੇ ਇੱਕ ਆਦਮੀ ਫਾਈਲਾਂ ਚੁੱਕੀ ਦੌੜਿਆ ਜਾਂ ਸਾਈਕਲ ਚਲਾਉਂਦਾ ਆਵੇ ?"
"ਨਹੀਂ ਬੇਟਾ, ਇਹ ਸ਼ਾਨ ਦੀ ਗੱਲ ਨਹੀਂ ਸਗੋਂ ਇੱਕ ਲੋੜ ਹੈ। ਦਿਨ ਦੇ ਕੰਮਕਾਰ ਪਿੱਛੋਂ ਦਫ਼ਤਰ ਦੇ ਕਰਮਚਾਰੀਆਂ ਨੇ ਇਹ ਵੇਖਣਾ ਹੁੰਦਾ ਹੈ ਕਿ ਕਿਹੜੀਆਂ ਫਾਈਲਾਂ ਜ਼ਿਆਦਾ ਜ਼ਰੂਰੀ ਹਨ। ਕੇਸਾਂ ਦੀ ਛਾਣ-ਬੀਣ ਵਿੱਚ ਕੁਝ ਸਮਾਂ ਲੱਗਦਾ ਹੈ। ਮੈਂ ਉੱਥੇ ਬੇਠਾ ਉਡੀਕਦਾ ਰਹਾਂ, ਇਹ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਹੋ ਸਕਦਾ ਹੈ ਉਨ੍ਹਾਂ ਦੀ ਆਜ਼ਾਦੀ ਵਿੱਚ ਕੁਝ ਫ਼ਰਕ ਪੈਂਦਾ ਹੋਵੇ। ਇਸ ਲਈ ਉਹ ਫਾਈਲਾਂ ਘਰ ਭੇਜਦੇ ਹਨ। ਮੈਂ ਬਹੁਤ ਵਾਰ ਆਖਿਆ ਹੈ, 'ਮੈਂ ਉਡੀਕ ਲੈਂਦਾ ਹਾਂ, ਤੁਸੀਂ ਫਾਈਲਾਂ ਵੱਖ ਕਰ ਕੇ ਮੈਨੂੰ ਦੇ ਦਿਓ। ਪਰ ਉਹ ਮੰਨਦੇ ਨਹੀਂ। ਦੱਸ ਮੈਂ ਕੀ ਕਰਾਂ ?"
ਪਿਛਲੇ ਦੋ ਢਾਈ ਮਹੀਨਿਆਂ ਤੋਂ ਇੱਕ ਨਵਾਂ ਕਰਮਚਾਰੀ ਫਾਈਲਾਂ ਲੈ ਕੇ ਆਉਣ ਲੱਗ ਪਿਆ ਸੀ। ਚੌਵੀ-ਪੰਝੀ ਸਾਲ ਦਾ ਸਾਧਾਰਣ ਜਿਹਾ ਨੌਜੁਆਨ ਸਾਧਾਰਣ ਜਿਹੇ, ਪਰ ਸਾਫ਼- ਸੁਥਰੇ ਵਸਤਰਾਂ ਵਿੱਚ, ਪੁਰਾਣੀ ਜਿਹੀ ਸਾਈਕਲ ਦੇ ਹੈਂਡਲ ਨਾਲ ਲੱਗੀ ਟੋਕਰੀ ਵਿੱਚ ਦੋ ਚਾਰ ਫਾਈਲਾਂ ਰੱਖੀ ਲੱਗ ਪੱਗ ਰੋਜ਼ ਸ਼ਾਮ ਨੂੰ ਘਰ ਆਉਂਦਾ ਸੀ ਅਤੇ ਫਾਈਲਾਂ ਪਾਪਾ ਦੇ ਦਫ਼ਤਰ (ਜਾਂ ਕਮਰੇ) ਵਿੱਚ ਰੱਖ ਕੇ ਚਲਾ ਜਾਂਦਾ ਸੀ। ਉਸ ਸਾਧਾਰਣ ਆਦਮੀ ਵਿੱਚ ਕੁਝ ਵੀ ਅਜੇਹਾ ਨਹੀਂ ਸੀ ਜੋ ਕਿਸੇ ਦੂਜੇ ਲਈ ਕਿਸੇ ਦਿਲਚਸਪੀ ਦਾ ਕਾਰਨ ਬਣ ਸਕੇ। ਵੱਡੀਆਂ ਵੱਡੀਆਂ ਨੌਕਰੀਆਂ ਉੱਤੇ ਲੱਗੇ, ਵੱਡੀਆਂ ਵੱਡੀਆਂ ਕੋਠੀਆਂ ਵਿੱਚ ਵੱਸਦੇ ਲੋਕਾਂ ਨਾਲ ਉਸਨੂੰ ਵੀ ਕੋਈ ਦਿਲਚਸਪੀ ਨਹੀਂ ਸੀ ਲੱਗਦੀ। ਉਹ ਪਾਪਾ ਨੂੰ ਝੁਕ ਕੇ ਸਲਾਮ ਨਹੀਂ ਸੀ ਕਰਦਾ, ਪਰ ਉਹ ਸੇ- ਅਦਬ ਵੀ ਨਹੀਂ ਸੀ ਜਾਪਦਾ। ਅੱਜ ਸ਼ੁੱਕਰਵਰ ਜਦੋਂ ਉਹ ਫਾਈਲਾਂ ਲੈ ਕੇ ਆਇਆ, ਪਾਪਾ ਘਰ ਨਹੀਂ ਸਨ। ਉਹ ਘਰ ਦੱਸ ਗਏ ਸਨ ਕਿ ਉਨ੍ਹਾਂ ਨੇ ਦੌਰੇ ਉੱਤੇ ਜਾਣਾ ਸੀ ਅਤੇ ਹੋ ਸਕਦਾ ਸੀ ਕਿ ਰਾਤ ਬਟਾਲੇ ਜਾਂ ਕਾਦੀਆਂ ਰਹਿਣਾ ਪੈ ਜਾਵੇ। ਇਸ ਗੱਲ ਦਾ ਉਸ ਨੂੰ ਵੀ ਪਤਾ ਸੀ। ਮੈਂ ਉਸ ਦੇ ਆਉਣ ਤੋਂ ਘੰਟਾ ਕੁ ਪਹਿਲਾਂ ਪਾਪਾ ਦੇ ਦਫ਼ਤਰ ਵਿੱਚ ਆ ਬੈਠੀ ਸਾਂ। ਹੁਣ ਤੂੰ ਇਹ ਨਾ ਸਮਝ ਲਵੀਂ ਕਿ ਮੈਂ ਉੱਥੇ ਉਸਨੂੰ ਇਕੱਲਿਆਂ ਮਿਲਣ ਦੀ ਇੱਛਾ ਜਾਂ ਆਸ ਨਾਲ ਆਈ ਸਾਂ। ਮੈਂ ਕਹਿ ਚੁੱਕੀ ਹਾਂ ਕਿ ਉਸ ਵਿੱਚ ਕਿਸੇ ਅਸਾਧਾਰਣ ਖਿੱਚ ਦੀ ਅਣਹੋਂਦ ਹੈ। ਅੱਛਾ ਇਹ ਗੱਲ ਏਥੇ ਹੀ ਛੱਡਦੀ ਹਾਂ। ਜਿਸ ਨੇ ਜੋ ਸਮਝਣਾ ਹੈ ਉਸਨੂੰ ਉਹ ਸਮਝਣੋਂ ਰੋਕਿਆ ਨਹੀਂ ਜਾ ਸਕਦਾ। ਮੈਨੂੰ ਪਤਾ ਹੈ ਕਿ ਮੈਂ ਇਸ ਲਈ ਉੱਥੇ ਗਈ ਸਾਂ ਕਿ ਕੁਝ ਚਿਰ ਇਕਾਂਤ ਵਿੱਚ ਬੈਠ ਕੇ ਪੜ੍ਹ ਸਕਾਂ। ਪਾਪਾ ਦਾ ਇਹ ਕਮਰਾ ਉਨ੍ਹਾਂ ਦੇ ਕਚਹਿਰੀ ਵਾਲੇ ਕਮਰੇ ਵਾਂਗ ਹੀ ਨਿਹਾਇਤ ਪ੍ਰਾਈਵੇਟ ਹੈ। ਘਰ ਦਾ ਕੋਈ ਜੀਅ ਘੱਟ ਵੱਧ ਹੀ ਇਸ ਵਿੱਚ ਆਉਣ ਦੀ ਲੋੜ ਮਹਿਸੂਸ ਕਰਦਾ ਹੈ; ਇਹ ਤੈਨੂੰ ਪਤਾ ਹੈ। ਤੂੰ ਕਹੇਂਗੀ ਕਿ ਅੱਜ ਮੈਂ ਇਸ ਕਮਰੇ ਵਿੱਚ ਆਉਣ ਦੀ ਉਚੇਚੀ ਲੋੜ ਮਹਿਸੂਸ ਕੀਤੀ ਸੀ। ਚੱਲ ਆਖੀ ਜਾ: ਕੋਈ ਫ਼ਰਕ ਨਹੀਂ ਪੈਂਦਾ।
ਕਮਰੇ ਦਾ ਦਰਵਾਜਾ ਖੁੱਲ੍ਹਾ ਸੀ, ਤਾਂ ਵੀ ਉਸ ਨੇ ਹੱਥ ਵਿੱਚ ਫੜੀ ਪੈਨਸਿਲ ਨਾਲ ਦਰਵਾਜ਼ਾ ਖਟਖਟਾਇਆ। ਮੈਂ ਆਖਿਆ, "ਲੰਘ ਆਓ।" ਉਸ ਨੇ ਅੰਦਰ ਆ ਕੇ ਫਾਈਲਾਂ ਮੇਜ਼ ਉੱਤੇ ਰੱਖ ਦਿੱਤੀਆਂ ਅਤੇ ਇਕ ਪੜਚੋਲਵੀਂ ਨਜ਼ਰ ਮੇਰੀ ਨੋਟ ਬੁੱਕ ਉੱਤੇ ਪਾ ਕੇ ਆਖਣ ਲੱਗਾ, "ਤੁਸੀਂ ਕੋਈ ਉਚੇਰੀ ਪੜ੍ਹਾਈ ਕਰ ਰਹੇ ਹੋ ?"
"ਹਾਂ, ਮੈਂ ਪੀ-ਐੱਚ.ਡੀ. ਕਰ ਰਹੀ ਹਾਂ।"