

ਹੈ। ਸੁਣਿਆ ਨਹੀਂ ਅੱਕ ਜਾਣ ਵਾਲਿਆਂ ਨੂੰ ਉਸ ਨੌਜੁਆਨ ਨੇ ਕੀ ਆਖਿਆ ਹੈ ?" ਮੇਜ਼ ਉਤੇ ਪਿਆ ਚਾਹ ਦਾ ਸਾਮਾਨ ਚੁੱਕ ਕੇ ਟ੍ਰੇ ਵਿੱਚ ਰੱਖਦੇ ਹੋਏ ਚਾਚਾ ਜੀ ਬੋਲੇ।
ਇੱਕ ਦੋ ਮਿੰਟਾਂ ਵਿੱਚ ਮੇਜ਼ ਉਤਲਾ ਸਾਰਾ ਨਿੱਕ-ਸੁੱਕ ਕਿਚਨ ਵਿੱਚ ਪੁੱਜ ਗਿਆ। ਮਾਤਾ ਜੀ ਨੇ ਸਾਰੇ ਬਰਤਨ ਡਿੱਸ-ਵਾਸ਼ਰ ਵਿੱਚ ਟਿਕਾਉਣੇ ਸ਼ੁਰੂ ਕਰ ਦਿੱਤੇ। ਸਾਰਿਆਂ ਦੀ ਸਹਿਮਤੀ ਵੇਖ ਕੇ ਪਾਪਾ ਦੇ ਮਿੱਤਰ ਨੇ ਕਹਿਣਾ ਸ਼ੁਰੂ ਕੀਤਾ, "ਪੈਰੀਕਲੀਜ਼ ਦੀ ਕਹਾਣੀ ਬਹੁਤ ਉਦਾਸ ਕਹਾਣੀ ਹੈ। ਅਸਲ ਵਿੱਚ ਮਨੁੱਖ-ਜਾਤੀ ਦਾ ਸਾਰਾ ਇਤਿਹਾਸ ਇਹੋ ਜਿਹੀਆਂ ਉਦਾਸੀਆਂ ਨਾਲ ਭਰਿਆ ਪਿਆ ਹੈ। ਸਤਯੁਗ ਵੀ ਨਿਰੀ ਕਲਪਨਾ ਨਹੀਂ, ਪ੍ਰਿਮਿਟਿਵ- ਕਮਿਊਨਿਜ਼ਮ ਜਾਂ ਆਦਿ ਸਮਾਜਵਾਦ ਐਵੇਂ ਮਨਘੜਤ ਗੱਲਾਂ ਨਹੀਂ ਹਨ। ਜੇ ਸਾਰੀ ਧਰਤੀ ਉੱਤੇ ਨਹੀਂ ਤਾਂ ਕਿਧਰੇ-ਕਿਧਰੇ ਪੁਰਾਤਨ ਮਨੁੱਖੀ ਸਮਾਜਾਂ ਵਿੱਚ ਇਹੋ ਜਿਹਾ ਕੁਝ ਨਾ ਕੁਝ ਜ਼ਰੂਰ ਹੋਂਦ ਵਿੱਚ ਆਇਆ ਹੈ। ਜੇ ਪੁਰਾਤਨ ਸਮੇਂ ਦੇ ਲੋਕ ਅਦ੍ਰੈਤ ਅਤੇ ਮੋਕਸ਼ ਵਰਗੇ ਸੂਖ਼ਮ ਸਿਧਾਂਤਾਂ ਤੋਂ ਜਾਣੂੰ ਹੋ ਸਕਦੇ ਸਨ ਤਾਂ ਜਮਹੂਰੀਅਤ ਦੀ ਸੂਝ-ਬੂਝ ਕੋਈ ਵੱਡੀ ਗੱਲ ਨਹੀਂ। ਮੇਰੇ ਖਿਆਲ ਵਿੱਚ ਇਹ ਸਭ ਕੁਝ ਕਿਧਰੇ ਕਿਧਰੇ ਉਪਜ ਕੇ ਵਿਨਾਸ਼ ਨੂੰ ਪ੍ਰਾਪਤ ਹੋਇਆ ਹੈ। ਇਨ੍ਹਾਂ ਸੂਖ਼ਮਤਾਵਾਂ ਦਾ ਵਿਨਾਸ਼ ਕਿਸੇ ਤਕਦੀਰ ਜਾਂ ਹੋਣੀ ਦੇ ਮੱਥੇ ਨਹੀਂ ਮੜ੍ਹਿਆ ਜਾਣਾ ਚਾਹੀਦਾ। ਇਸ ਦਾ ਆਪਣਾ ਕਾਰਣ ਸੀ।"
" ਉਹ ਕੀ ?"
"ਵੀਰ ਜੀ, ਤੁਹਾਡੇ ਦੁਆਰਾ ਬਾਰ-ਬਾਰ ਦੁਹਰਾਏ ਜਾਣ ਵਾਲੇ ਸਿਧਾਂਤ ਵਿੱਚ ਇਸ ਦਾ ਉੱਤਰ ਹੈ। ਤੁਸੀਂ 'ਸਾਤਵਿਕ ਵਿਕਾਸ' ਨੂੰ ਸ੍ਰਿਸ਼ਟੀ ਦਾ ਮਨੋਰਥ ਮੰਨਦੇ ਹੋ। ਸਾਤਵਿਕਤਾ ਜੀਵਨ ਵਿੱਚ ਕਿਧਰੋਂ ਬਾਹਰੋਂ ਨਹੀਂ ਆਉਂਦੀ। ਇਹ ਸਦਾ ਤੋਂ ਜੀਵਨ ਵਿੱਚ ਹੈ। ਇਸ ਨੇ ਵਿਕਸਣਾ ਹੈ; 'ਗੁਪਤੋਂ ਪ੍ਰਗਟੀਆਉਣਾ ਹੈ। ਪੁਰਾਤਨ ਸਮਾਜਾਂ ਵਿੱਚ ਇਹ ਪ੍ਰਗਟ ਹੁੰਦੀ ਰਹੀ ਹੈ; ਪਰ ਉਸ ਸਮੇਂ ਵਿਸ਼ਵ-ਮਨ ਆਪਣੇ ਸਾਤਵਿਕ ਵਿਕਾਸ ਵਿੱਚ ਏਨਾ ਪੱਛੜਿਆ ਹੋਇਆ ਸੀ ਕਿ ਕਿਧਰੇ ਕਿਧਰੇ ਉਪਜਣ ਵਿਕਸਣ ਵਾਲੀ ਸਾਤਵਿਕਤਾ ਦੀ ਉਮਰ ਲੰਮੇਰੀ ਨਹੀਂ ਸੀ ਹੋ ਸਕਦੀ। ਰਾਜਸਿਕਤਾ ਦੇ ਹਨੇਰੇ ਇਸ ਦੀ ਜੋਤ ਨੂੰ ਹੜੱਪ ਕਰ ਲੈਂਦੇ ਸਨ।"
"ਤੁਹਾਡਾ ਕੀ ਖ਼ਿਆਲ ਹੈ ਕਿ ਹੁਣ ਮਨੁੱਖੀ ਮਨ ਅਤੇ ਸਮਾਜਕ ਵਾਤਾਵਰਣ ਦਾ ਸਾਤਵਿਕ ਵਿਕਾਸ ਹੋ ਗਿਆ ਹੈ।"
"ਨਹੀਂ। ਇਸ ਵਿਕਾਸ ਦੀ ਤੋਰ ਬਹੁਤ ਸੁਸਤ ਹੈ। ਕੁਝ ਦਿਨਾਂ ਦੀ ਗੱਲ ਹੈ, ਬੀ.ਬੀ.ਸੀ. ਦੁਆਰਾ ਆਯੋਜਿਤ ਬਹੁਪ੍ਰਕਾਰੀ ਬੱਧੀਜੀਵੀਆਂ ਦੀ ਇਕੱਤਰਤਾ ਵਿੱਚ ਸੂਝ-ਬੂਝ ਵਾਲੇ ਲੋਕਾਂ ਨੇ ਇੰਗਲੈਂਡ ਦੀ 'ਸਾਵਰਿਨਿਟੀ' ਅਤੇ ਕਾਮਨ ਮਾਰਕੀਟ ਦੇ ਬਾਰਾਂ ਦੇਸ਼ਾਂ ਦੇ 'ਸਹਿਯੋਗ' ਦੇ ਦੋ ਪੱਖਾਂ ਵਿੱਚ ਵੋਟ ਦੇਣੀ ਸੀ। ਸੱਠ ਪ੍ਰਤੀਸ਼ਤ ਲੋਕਾਂ ਨੇ ਕੌਮੀ 'ਪ੍ਰਭੂਸਤਾ' (ਸਾਵਰਿਨਿਟੀ) ਦੇ ਹੱਕ ਵਿੱਚ ਵੋਟ ਪਾਏ ਅਤੇ ਕੇਵਲ ਬਾਰਾਂ ਪ੍ਰਤੀਸ਼ਤ ਨੇ 'ਸਹਿਯੋਗ' ਦੇ ਹੱਕ ਵਿੱਚ। ਅਠਾਈ ਪ੍ਰਤੀਸ਼ਤ ਵਿਅਕਤੀ ਕਿਸੇ ਫੈਸਲੇ ਉਤੇ ਨਹੀਂ ਪੁੱਜ ਸਕੇ। ਇਹ ਅਠਾਈ ਪ੍ਰਤੀਸ਼ਤ ਸਾਤਵਿਕਤਾ ਵੱਲ ਵਧਣਗੇ ਜਾਂ ਸਾਵਰਿਨਿਟੀ ਦੀ ਰਾਜਸਿਕਤਾ ਵੱਲ, ਇਸ ਗੱਲ ਦਾ ਆਧਾਰ ਇਸ ਉੱਤੇ ਹੈ ਕਿ ਸੁਹਿਰਦ ਅਤੇ ਸੁਚੇਤ ਮਨੁੱਖ ਸਾਤਵਿਕ-ਸੌਂਦਰਯ ਦੀ ਗੱਲ ਕਿੰਨੀ ਕੁ ਲਗਨ ਨਾਲ ਲੋਕਾਂ ਤੱਕ ਪੁਚਾਉਂਦੇ ਹਨ। ਜੇ ਵਿਕਸਿਤ ਦੇਸ਼ਾਂ ਦਾ ਇਹ ਹਾਲ ਹੈ ਤਾਂ ਅਖੌਤੀ ਤੀਜੀ ਦੁਨੀਆ ਦੇ ਲੋਕਾਂ ਵਿੱਚ ਸਾਤਵਿਕ ਵਿਕਾਸ ਇੱਕ ਅਣਹੋਂਦ ਵਾਂਗ ਹੈ । ਤਾਂ ਵੀ ਨਿਰਾਸ਼ ਮੈਂ ਨਹੀਂ ਹਾਂ। ਚਾਲ ਧੀਮੀ ਹੈ ਤਾਂ ਕੀ ਹੋਇਆ। ਵਿਕਾਸ ਰੁਕਦਾ ਨਹੀਂ, ਵਿਕਾਸ ਜੁ ਹੋਇਆ।"
ਬੱਸ ਏਥੇ ਹੀ ਇਹ ਗੱਲਬਾਤ ਸਮਾਪਤ ਮੰਨੀ ਗਈ। ਮੈਂ ਵੀ ਬੱਸ ਕਰਦੀ ਹਾਂ, ਪੱਤਰ