ਵਿਸ਼ੇ, ਹਰ ਪੱਤ੍ਰ ਨੂੰ ਨਿਬੰਧ ਦਾ ਰੂਪ ਦੇ ਦੇਂਦੇ ਹਨ ਅਤੇ ਹਰ ਨਿਬੰਧ ਵਿੱਚ ਵਾਰਤਾਲਾਪ ਹੈ। ਪਰ, ਇਹ ਪੱਤ੍ਰ, ਨਿਬੰਧ ਨਹੀਂ ਹਨ।
ਇਨ੍ਹਾਂ ਚਿੱਠੀਆਂ ਵਿੱਚ ਜਿਨ੍ਹਾਂ ਵਿਸ਼ਿਆਂ ਨੂੰ ਮੋਟੇ ਤੌਰ 'ਤੇ ਚਰਚਾ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਫਲਸਫਾ (ਦਰਸ਼ਨ), ਰਾਜਨੀਤੀ, ਇਤਿਹਾਸ, ਕਲਾ, ਸਾਹਿਤ, ਸੰਗੀਤ, ਸਿੱਖਿਆ, ਸਮਾਜ ਸ਼ਾਸਤਰ, ਧਰਮ ਅਤੇ ਸਾਇੰਸ, ਯਥਾਰਥਵਾਦ, ਰਹੱਸਵਾਦ, ਅਧਿਆਤਮਵਾਦ, ਸੱਚ ਤੇ ਝੂਠ, ਪਰਮਾਤਮਾ ਤੇ ਮੁਕਤੀ, ਸਭਿਅਤਾ ਤੋਂ ਸਭਿਆਚਾਰ (ਸੰਸਕ੍ਰਿਤੀ), ਸ਼ਿਵਮ, ਸਤਿਅਮ, ਸੁੰਦਰਮ ਸੁਹਜ-ਸੁਆਦ, ਆਨੰਦ, ਆਦਿ ਸ਼ਾਮਲ ਹਨ। ਪੁਸ਼ਪੌਦ ਅਤੇ ਸਨੇਹਾ ਇੱਕ ਦੂਜੀ ਨੂੰ ਪੱਤ੍ਰ ਲਿਖਣ ਤੋਂ ਪਹਿਲਾਂ ਆਪਣੇ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦੀਆਂ ਹਨ ਅਤੇ ਸੰਬੰਧਿਤ ਵਿਸ਼ੇ ਬਾਰੇ ਸਵਾਲ-ਜਵਾਬ ਵੀ ਹੁੰਦੇ ਹਨ। ਪੂਰਨ ਸਿੰਘ ਦੀ ਕੋਸ਼ਿਸ਼ ਵਿਚਾਰ ਵਿਮਰਸ ਅਧੀਨ ਵਿਸ਼ੇ ਬਾਰੇ ਹਰ ਪ੍ਰਕਾਰ ਦੇ ਸ਼ੰਕੇ ਨਵਿਰਤ ਕਰਨ ਦੀ ਹੈ।
ਸੋਚ ਦਾ ਸਫ਼ਰ ਹਕੀਕਤ ਵਿੱਚ ਜੀਵਨ ਨੂੰ ਸੇਧ ਦੇਣ ਲਈ ਅਤੇ ਮਨੁੱਖ ਦੇ ਮਨ ਅੰਦਰ ਉਸਾਰੂ ਭਾਵਨਾ ਪੈਦਾ ਕਰਨ ਲਈ ਇੱਕ ਉਪਰਾਲਾ ਹੈ। ਲੇਖਕ ਅਨੁਸਾਰ ਜਿਹੜੀ ਸੋਚ ਸਿਹਤਮੰਦ, ਸੁੰਦਰ ਅਤੇ ਸਾਤਵਿਕ ਨਹੀਂ ਉਹ ਵੱਡੇ ਵੱਡੇ ਉਪਦਰ ਕਰਵਾ ਸਕਦੀ ਹੈ। ਇਸੇ ਪ੍ਰਕਾਰ ਸਿੱਖਿਆ ਬਾਰੇ ਇਹ ਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਜਿਹੜੀ ਵਿੱਦਿਆ ਮਨੁੱਖ ਨੂੰ ਸੋਚ ਦਾ ਸੁਹਬਤੀ ਨਹੀਂ ਬਣਾਉਂਦੀ, ਉਹ ਕੇਵਲ ਕਾਰੋਬਾਰੀ ਸਿੱਖਿਆ ਹੈ। ਖੋਜ ਦਾ ਮੰਤਵ ਮਹਿਜ਼ ਡਿਗਰੀ ਹਾਸਲ ਕਰਨ ਤਕ ਸੀਮਤ ਨਹੀਂ ਹੋਣਾ ਚਾਹੀਦਾ। ਪੂਰਨ ਸਿੰਘ ਇਹ ਦ੍ਰਿੜ ਕਰਾਉਣਾ ਚਾਹੁੰਦਾ ਹੈ ਕਿ "ਸੰਸਾਰ ਦੇ ਸਿਆਣਿਆਂ ਦੀ ਸੋਚ ਦਾ ਇਤਿਹਾਸ ਜਾਣੇ ਬਿਨਾਂ, ਸੱਚ ਢਾਲਣ, ਉਸਾਰਨ ਅਤੇ ਵਿਕਸਾਉਣ ਵਾਲੇ ਜੀਵਨ ਨੂੰ ਜਾਣੇ ਬਿਨਾਂ, ਪੜ੍ਹੇ ਲਿਖੇ ਵਿਦਵਾਨ ਹੋਣ ਦੇ ਦਾਅਵੇ ਕਰੀ ਜਾਣੇ ਐਵੇ ਹਾਸੋਹੀਣੀ ਗੱਲ ਹੈ।" ਜਦ ਇਸ ਪੁਸਤਕ ਦੀ ਨਾਇਕਾ ਪੁਸ਼ਪੇਂਦ੍ਰ ਨੂੰ ਯਕੀਨ ਹੋ ਜਾਦਾ ਹੈ ਕਿ ਸਿੱਖਿਆ ਮਹਿਜ਼ ਡਿਗਰੀਆਂ ਨਹੀਂ ਤਾਂ ਉਹ ਪੀ-ਐਚ.ਡੀ. ਦੀ ਡਿਗਰੀ ਲਈ ਦੂਜੇ ਲੋਕਾਂ ਦੀਆਂ ਸੋਚੀਆਂ ਤੇ ਆਖੀਆਂ ਗੱਲਾਂ ਦੀ ਥਾਂ ਆਪਣੇ ਆਪ ਨੂੰ ਜਾਣਨ ਅਤੇ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਖਾਤਰ, ਖੋਜ ਕਾਰਜ ਦਾ ਵਿਚਾਰ ਤਿਆਗ ਦਿੰਦੀ ਹੈ। ਇਨ੍ਹਾਂ ਪੱਤਰਾਂ ਵਿੱਚ ਸੱਚ ਤੇ ਝੂਠ, ਅਸਲ ਤੇ ਨਕਲ, ਰੱਥ ਤੇ ਸੰਸਾਰ ਆਦਿ ਸੰਕਲਪਾਂ ਨੂੰ ਨਿਖੇੜਿਆ ਗਿਆ ਹੈ।
ਇਸ ਪੁਸਤਕ ਦਾ ਵਡੇਰਾ ਭਾਗ ਦਰਸਨ (ਫਿਲਾਸਫੀ) ਨਾਲ ਸਬੰਧਿਤ ਹੈ। ਦਰਸ਼ਨ ਦੀ ਪਰਿਭਾਸ਼ਾ, ਫਲਸਫੇ ਦਾ ਜਨਮ ਤੇ ਵਿਕਾਸ, ਯੂਨਾਨ ਦੇ ਫਲਸਫੇ ਤੇ ਫਿਲਾਸਫਰਾਂ ਸੰਬੰਧੀ ਵੇਰਵੇ ਸਹਿਤ ਜਾਣਕਾਰੀ ਦੇ ਕੇ ਦੱਸਿਆ ਗਿਆ ਹੈ ਕਿ ਯੂਨਾਨ, ਮਿਸਰ, ਭਾਰਤ, ਚੀਨ ਆਦਿ ਦੀਆਂ ਸੱਭਿਆਤਾਵਾਂ ਕਿਸ ਪ੍ਰਕਾਰ ਦੀ ਫਿਲਾਸਫੀ ਨੂੰ ਜਨਮ ਦਿੰਦੀਆਂ ਹਨ।
ਫਲਸਫੇ ਅਤੇ ਸਿੱਖਿਆ ਉਪਰੰਤ ਪੂਰਨ ਸਿੰਘ ਦੀ ਸੋਚ ਦੇ ਸਫ਼ਰ ਦਾ ਅਗਲਾ ਪੜਾ ਕਲਾ ਹੈ। ਕਲਾ ਤੇ ਵਾਦ (ਵਿਸ਼ੇਸ਼ ਕਰਕੇ ਯਥਾਰਥਵਾਦ) ਕਲਾ ਤੇ ਸਾਹਿਤ, ਕਲਾ ਤੇ ਅਸ਼ਲੀਲਤਾ ਜਾਂ ਨੰਗੇਜ, ਅਤੇ ਕਲਾ ਦੇ ਅਧਿਐਨ ਬਾਰੇ ਕਾਫ਼ੀ ਤਫਸੀਲ ਵਿੱਚ ਵਿਚਾਰ ਕੀਤੀ ਗਈ ਹੈ। ਕਲਾਕਾਰਾਂ ਤੇ ਸਾਹਿਤਕਾਰਾਂ ਸਬੰਧੀ ਵੀ ਟਿੱਪਣੀਆਂ ਦਰਜ ਹਨ। ਅਜੇਹੇ ਸਾਹਿਤ ਨੂੰ ਤਰਜੀਹ ਦਿੱਤੀ ਗਈ ਹੈ ਜੋ ਫਲਸਫੇ,ਸਿਆਸੀ ਸਿਧਾਂਤਾਂ, ਸਮਾਜਕ ਕੁਰੀਤੀਆਂ ਤੇ ਕੌਮੀ ਗੌਰਵ ਦੀਆ ਗੱਲਾ ਤੋਂ ਉੱਪਰ ਉਠ ਕੇ ਅਜੇਹੀ ਸੁੰਦਰਤਾ ਦੀ ਸਿਰਜਣਾ ਕਰੋ ਜਿਹੜੀ ਸਾਤਵਿਕ ਆਨੰਦ ਦੇਂਦੀ ਹੋਈ, ਮਨੁੱਖੀ ਮਨ ਵਿੱਚ ਦਇਆ ਕਰੁਣਾ, ਖਿਮਾ