ਕਰਦੇ ਸਨ। ਜ਼ੀਨੋਫੋਨ ਕਹਿੰਦਾ ਹੈ ਕਿ ਉਸ ਵਿਚ ਗਿਆਨ ਦਾ ਘੁਮੰਡ ਤਾਂ ਹਰਗਿਜ਼ ਵੀ ਨਹੀਂ ਸੀ। ਉਹ ਸਾਹਮਣੇ ਵਾਲੇ ਦੇ ਵਿਚਾਰਾਂ ਨੂੰ ਗਹੁ ਨਾਲ ਸੁਣਦਾ।
ਇਕ ਪਲ ਲਈ ਵੀ ਅਜਿਹਾ ਨਹੀਂ ਲਗਦਾ ਸੀ ਕਿ ਦੂਜੇ ਦੀ ਗੱਲ ਸੁਣਦਿਆਂ ਉਸਨੇ ਆਪਣੇ ਦਿਮਾਗ ਦੇ ਬੂਹੇ ਬੰਦ ਕਰ ਲਏ ਹੋਣ ਜਾਂ ਅਗਲੇ ਦੇ ਵਿਚਾਰਾਂ ਵਿਚ ਉਸਨੂੰ ਕੋਈ ਰੁਚੀ ਨਾ ਹੋਵੇ। ਦੂਜੇ ਦੀ ਗੱਲ ਸੁਣਦਿਆਂ ਉਸਦੀਆਂ ਅੱਖਾਂ ਸੁੰਗੜ ਕੇ ਹੋਰ ਵੀ ਚੁੰਨੀਆਂ ਹੋ ਜਾਂਦੀਆਂ, ਮੱਥ ਦੀਆਂ ਤਿਉੜੀਆਂ ਡੂੰਘੀਆਂ ਹੁੰਦੀਆਂ ਤੇ ਉਹ ਵਿਚਾਰਾਂ ਨੂੰ ਮਹਿਸੂਸ ਕਰਕੇ ਆਪਣੇ ਮਸਤਕ ਵਿਚ ਉਤਾਰਦਾ ਜਾਂਦਾ।
ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਤੇ ਇੱਜ਼ਤ ਦੇਣ ਦੀ ਇਹ ਭਾਵਨਾ ਹੀ ਸੁਕਰਾਤ ਨੂੰ ਵਿਲੱਖਣ ਬਣਾਉਂਦੀ ਹੈ। ਉਸਦੀ ਆਰੰਭਲੀ ਜ਼ਿੰਦਗੀ ਬਾਰੇ ਬਹੁਤੇ ਵੇਰਵੇ ਇਤਿਹਾਸ ਦੀ ਲੁਕਵੀਂ ਤਹਿ ਵਿਚ ਗੁੰਮ ਹਨ। ਪਲੈਟੋ ਸੁਕਰਾਤ ਤੋਂ 42 ਸਾਲ ਦੇ ਕਰੀਬ ਛੋਟਾ ਸੀ ਤੇ ਬਚਪਨ ਤੋਂ ਹੀ ਦਰਸ਼ਨ ਦੇ ਵਿਸ਼ੇ ਲਈ ਰੁਚੀ ਰੱਖਦਾ ਸੀ। ਉਸਦੇ ਬਹੁਤੇ ਸੰਵਾਦ ਸੁਕਰਾਤ ਦੇ ਦਾਰਸ਼ਨਿਕ ਸੂਤਰਾਂ ਦੀ ਵਿਆਖਿਆ ਵਾਂਗ ਹਨ। ਰਿਪਬਲਿਕ ਦੇ ਮੁੱਢਲੇ ਭਾਗ ਵਿਚ ਇਕ ਵਾਰਤਾਲਾਪ ਦੌਰਾਨ ਸੁਕਰਾਤ ਦਾ ਪਾਤਰ ਇਕ ਸੰਵਾਦ ਬੋਲਦਾ ਹੈ:
ਮੈਨੂੰ ਇਹ ਮੰਨਣ ਵਿਚ ਕੋਈ ਉਜਰ ਨਹੀਂ ਕਿ ਮੈਂ ਦੂਜਿਆਂ ਕੋਲੋਂ ਸਦਾ ਕੁਝ ਸਿੱਖਦਾ ਹਾਂ। ਪਰ ਇਹ ਸੱਚ ਨਹੀਂ ਕਿ ਮੈਂ ਦੂਜਿਆਂ ਦਾ ਅਹਿਸਾਨ ਨਹੀਂ ਮੰਨਦਾ। ਹਾਂ ਮੇਰੇ ਕੋਲ ਧਨ-ਦੌਲਤ ਨਹੀਂ, ਇਸ ਲਈ ਬਸ ਸਿਰਫ਼ ਪ੍ਰਸ਼ੰਸਾ ਤੇ ਸ਼ਲਾਘਾ ਕਰਕੇ ਹੀ ਆਭਾਰ ਪ੍ਰਗਟ ਕਰਦਾ ਹਾਂ। ਦੂਰ ਨਾ ਜਾਓ, ਮੇਰੀ ਗੱਲ ਦਾ ਸਮਰਥਨ ਹੁਣੇ ਹੋ ਜਾਂਦਾ ਹੈ। ਮੇਰਾ ਅਨੁਮਾਨ ਹੈ ਕਿ ਤੁਸੀਂ ਬਹੁਤ ਯੋਗ ਉੱਤਰ ਦੇਣ ਵਾਲੇ ਹੋ। ਤਾਂ ਤੁਸੀਂ ਦੇਖ ਲਓਗੇ ਕਿ ਮੈਂ ਜਿਸ ਤਰ੍ਹਾਂ ਹਰ ਯੋਗ ਵਿਅਕਤੀ ਦੀ ਸ਼ਲਾਘਾ ਕਰਦਾ ਹਾਂ, ਉਸ ਤਰ੍ਹਾਂ ਤੁਹਾਡੀ ਪ੍ਰਸ਼ੰਸਾ ਕਰਨ ਵਿਚ ਰੱਤੀ ਭਰ ਵੀ ਸੰਕੋਚ ਨਹੀਂ ਕਰਾਂਗਾ।
ਥਰੇਸੀਮੈਕਸ ਨਾਲ ਇਹ ਵਾਰਤਾਲਾਪ ਸਾਬਿਤ ਕਰਦਾ ਹੈ ਕਿ ਸੁਕਰਾਤ ਆਪਣੇ ਤੋਂ ਸਾਹਮਣੇ ਵਾਲੇ ਦੀ ਗੱਲ ਸੁਣ ਕੇ ਉਸਦੀ ਸ਼ਲਾਘਾ ਕਰਨ ਵਿਚ ਕੰਜੂਸ ਨਹੀਂ ਸੀ। ਇਹ ਜ਼ਿਕਰ ਬਹੁਤ ਘੱਟ ਹੋਇਆ ਹੈ ਕਿ ਉਸਨੇ ਬਾਕਾਇਦਾ ਕਿਤੋਂ ਕੋਈ ਸਿੱਖਿਆ ਹਾਸਿਲ ਵੀ ਕੀਤੀ ਹੋਵੇ। ਜਿਸ ਤਰੀਕੇ ਨਾਲ ਉਸਨੇ ਆਪਣੇ ਤੋਂ ਪਹਿਲੇ ਸਾਰੇ ਦਾਰਸ਼ਨਿਕ ਪ੍ਰਸੰਗਾਂ ਨਾਲ ਆਲੋਚਨਾਤਮਕ ਸੰਵਾਦ ਰਚਾਇਆ ਉਸ ਤੋਂ ਇਹ ਪਤਾ ਲਗਦਾ ਹੈ ਕਿ ਉਹ ਡੂੰਘਾ ਅਧਿਐਨ ਕਰਨ ਵਾਲਾ ਚਿੰਤਕ ਸੀ।
ਸੁਕਰਾਤ ਦੇ ਗ੍ਰਹਿਸਥ ਜੀਵਨ ਬਾਰੇ ਵੀ ਕਈ ਵਿਰੋਧਾਭਾਸੀ ਰਾਵਾਂ ਪ੍ਰਚੱਲਤ ਰਹੀਆਂ ਹਨ। ਉਸ ਦੀ ਪਤਨੀ ਦਾ ਨਾਂ ਜ਼ੈਨਥਿਪੀ ਸੀ ਤੇ ਉਹ ਸੁਕਰਾਤ