

ਤੇ ਦਰਸ਼ਨ ਵਿੱਚੋਂ ਕਦੇ ਗ਼ੈਰ-ਹਾਜ਼ਰ ਨਹੀਂ ਹੁੰਦਾ। ਜਦੋਂ-ਜਦੋਂ ਇਤਿਹਾਸ ਨੇ ਰਵਾਇਤ ਨੂੰ ਵਿੱਢ ਮਾਰਨ ਲਈ ਦਰਸ਼ਨ ਵਿੱਚੋਂ ਉਦਾਹਰਣਾਂ ਦੀ ਤਲਾਸ਼ ਕੀਤੀ, ਸੁਕਰਾਤ ਆਪਣੇ ਤੋਂ ਪੁਰਾਣੀ ਸਾਰੀ ਰਵਾਇਤ ਨੂੰ ਸਿਰ ਭਾਰ ਖੜ੍ਹਾ ਕਰਨ ਵਾਲੇ ਚਿੰਤਕ ਵਜੋਂ ਸਾਹਮਣੇ ਆਇਆ। ਜਦੋਂ ਵੀ ਚਿੰਤਨ ਨੂੰ ਸੰਸਾਰਕ ਪ੍ਰਾਪਤੀਆਂ ਤੋਂ ਨਿਰਲੇਪ ਅਤੇ ਵਡੇਰਾ ਸਮਝਣ ਦੀ ਮਿਸਾਲ ਦੇਣੀ ਪਈ, ਸੁਕਰਾਤ ਦੀ ਦਰਵੇਸ਼ੀ ਅੱਖੋਂ-ਪਰੋਖੇ ਨਹੀਂ ਹੋਈ। ਜਦੋਂ-ਜਦੋਂ ਗਿਆਨ ਨੂੰ ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਲਈ ਵਰਤਣ ਤੇ ਮਨੁੱਖੀ ਬਿਹਤਰੀ ਦੇ ਸਵਾਲਾਂ ਨੂੰ ਮੁਖ਼ਾਤਿਬ ਹੋਣ ਦਾ ਸਮਾਂ ਆਇਆ, ਸੁਕਰਾਤ ਚੇਤੇ ਵਿਚ ਆ ਗਿਆ। ਇੱਥੋਂ ਤੱਕ ਕਿ ਵਿਸ਼ਵ ਦੇ ਚਿੰਤਕਾਂ ਨੇ ਚਿੰਤਨ ਦੀਆਂ ਸਥਾਪਨਾਵਾਂ ਲਈ ਆਪੇ ਨੂੰ ਕੁਰਬਾਨ ਕਰਨ ਦੀ ਮਿਸਾਲ ਵਜੋਂ ਵੀ ਸੁਕਰਾਤ ਨੂੰ ਹਮੇਸ਼ਾ ਯਾਦ ਰੱਖਿਆ। ਬਰਟਰੰਡ ਰਸਲ ਅਨੁਸਾਰ, "ਸੰਸਾਰ ਐਸੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਜਦੋਂ ਰਾਜਿਆਂ ਤੇ ਸੁਲਤਾਨਾਂ ਨੇ ਆਪਣੀ ਰਿਆਸਤ ਨੂੰ ਬਚਾਉਣ ਲਈ ਆਪਣੀ ਜਾਨ ਦੀ ਆਹੂਤੀ ਦਿੱਤੀ ਪਰ ਇਹ ਮਾਣ ਸੁਕਰਾਤ ਦੇ ਹਿੱਸੇ ਹੀ ਆਇਆ ਹੈ ਕਿ ਉਹ ਚਿੰਤਨ ਨੂੰ ਅਮੋੜ ਵੇਗ ਵਾਂਗ ਮੰਨਦਾ ਹੋਇਆ ਇਸ ਦੀ ਸ਼ੁੱਧਤਾ ਸਾਬਿਤ ਕਰਨ ਲਈ ਆਪੇ ਨੂੰ ਕੁਰਬਾਨ ਕਰ ਦਿੰਦਾ ਹੈ।""
ਸੁਕਰਾਤ ਦੇ ਚਿੰਤਨ ਵਿਚ ਮਨੁੱਖ, ਨੇਕੀ ਅਤੇ ਸ਼ੁਭ ਤਿੰਨ ਜੁਜ਼ ਹਨ ਜਿਨ੍ਹਾਂ ਦੇ ਸਹੀ ਸੰਦਰਭਾਂ ਦੀ ਤਲਾਸ਼ ਉਸਦਾ ਮੁੱਖ ਫ਼ਿਕਰ ਹੈ। ਵਿਸ਼ੇਸ਼ ਤੌਰ 'ਤੇ ਉਹ ਸ਼ੁੱਭ ਤੇ ਚੰਗਿਆਈ ਨੂੰ ਸੰਸਾਰ ਦੀ ਆਪਸੀ ਸਾਂਝ ਤੇ ਬਿਹਤਰੀ ਲਈ ਕਾਰਜਸ਼ੀਲ ਸ਼ਕਤੀ ਮੰਨਦਾ ਹੈ। ਇਸ ਸ਼ੁੱਭ ਦੀ ਤਲਾਸ਼ ਲਈ ਮਨੁੱਖਤਾ ਨੂੰ ਸੱਭਿਅਤਾ ਵਿਚ ਵਿਆਪਤ ਵਿਰੋਧ ਤੇ ਰੁਕਾਵਟ ਨਾਲ ਖਹਿਣਾ ਪੈਂਦਾ ਹੈ। ਇਹ ਘਸਰ ਕਈ ਵਾਰ ਆਪਾ-ਤਿਆਗ ਤੱਕ ਪਹੁੰਚ ਜਾਂਦੀ ਹੈ। ਸੁਕਰਾਤ ਨੇ ਨਿੱਜੀ ਹਿੱਤਾਂ ਤੇ ਲਾਭਾਂ ਦੀ ਥਾਂ ਪਰ ਦੀ ਭਲਾਈ ਨੂੰ ਚਿੰਤਕ ਦੀਆਂ ਜ਼ਿੰਮੇਵਾਰੀਆਂ ਵਜੋਂ ਸਥਾਪਿਤ ਕੀਤਾ। ਉਹ ਅਸਲੀ ਦਾਰਸ਼ਨਿਕ ਵਾਂਗ ਜੀਵਿਆ ਤੇ ਅਸਲੀ ਦਾਰਸ਼ਨਿਕ ਵਾਂਗ ਕੁਰਬਾਨ ਹੋਇਆ। ਸੁਕਰਾਤ ਮਨੁੱਖੀ ਇਤਿਹਾਸ ਦਾ ਉਹ ਧਰੂ ਤਾਰਾ ਹੈ, ਜਿਸਦੀ ਚਮਕ ਕਦੇ ਵੀ ਫਿੱਕੀ ਨਹੀਂ ਪਵੇਗੀ ਬਲਕਿ ਇਸ ਧਰਤੀ ਉੱਪਰ ਮਨੁੱਖੀ ਹੋਂਦ ਦੀ ਸਲਾਮਤੀ ਤੱਕ ਉਹ ਵਿਚਾਰਾਂ ਤੇ ਅਮਲ ਦੀ ਸਾਂਝ ਲਈ ਦੁਨੀਆ ਦੇ ਦਾਰਸ਼ਨਿਕਾਂ ਨੂੰ ਵੰਗਾਰਦਾ ਰਹੇਗਾ।