ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ?
ਸੁੰਦਰੀ ਦੇ ਸਮਾਚਾਰ ਅਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਅਰ ਬ੍ਰਿਧ ਤੀਵੀਆਂ ਪੁਰਖਾਂ ਤੋਂ ਸੁਣਕੇ ਕੱਠੇ ਕਰ ਕੇ ਇਕ ਸ਼ਰੇਣੀ ਵਿਚ ਗੁੰਦ ਕੇ ਅਰ ਟੁੱਟੇ ਸਿਲਸਲਿਆਂ ਨੂੰ ਮਿਲਾ ਕੇ ਲਿਖੇ ਹਨ। ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ ਦੋਹਾਂ ਨੂੰ ਨਿਬਾਹੁਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ ਅਰ ਸਿਖਾਂ ਨੂੰ ਆਪਣੇ ਉਤੱਮ ਅਸੂਲ ਪਿਆਰੇ ਲਗਣ, ਆਪਣੇ ਵਿਚ ਜਥੇਬੰਦ ਹੋ ਕੇ ਸਿੰਘ ਦੂਜੀਆਂ ਕੌਮਾਂ ਨੂੰ ਇਕ-ਰਸ ਜਾਣ ਕੇ ਕਿਸੇ ਨਾਲ ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ, ਸਗੋਂ ‘ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ' ਵਾਲੀ ਗੁਰੂ ਸਿਖਯਾ ਪੁਰ ਟੁਰ ਕੇ ਅਟੱਲ ਰਹਿਣ।