ਦੂਜਾ— ਜੇ ਉਹਦੀ ਭੈਣ ਵੇਖੇਂ ਤਾਂ ਲੋਟਨ ਕਬੂਤਰ ਹੋ ਜਾਏਂ, ਹੁਣ ਤਾਂ ਉਹ ਸਤਰ ਵਿਚ ਹੈ, ਪਰ ਜਦ ਫੜੀ ਹੈ ਤਾਂ ਮੈਂ ਨਾਲ ਹੀ ਸਾਂ ਬਈ ਚੰਦ ਦਾ ਟੁਕੜਾ ਹੈ ਚੰਦ ਦਾ। ਖ਼ਬਰ ਨਹੀਂ ਕੀ ਸਬੱਬ ਹੈ ਕਿ ਹਿੰਦੂਆਂ ਦੀਆਂ ਤੀਵੀਆਂ ਵੱਡੀਆਂ ਹੀ ਸੁੰਦਰ ਹੁੰਦੀਆਂ ਹਨ?
ਪਹਿਲਾ— ਉਹ ਤੀਵੀਂ ਬੀ ਮੁਸਲਮਾਨ ਕੀਤੀ ਜਾਊ?
ਦੂਜਾ— ਹਾਂ, ਹਾਂ, ਨਾਲੇ ਨਵਾਬ ਸਾਹਿਬ ਨਾਲ ਉਸਦਾ ਨਿਕਾਹ ਪੜ੍ਹਾਇਆ ਜਾਉ, ਬੜੀ ਧੂਮ ਧਾਮ ਹੋਵੇਗੀ, ਸਾਨੂੰ ਭੀ ਇਨਾਮ ਮਿਲਣਗੇ।
ਪਹਿਲਾ— ਪਰ ਭੈਣ ਭਰਾ ਨੇ ਦੀਨ ਵਿਚ ਆਉਣਾ ਕਬੂਲ ਕਰ ਲੀਤਾ ਹੈ ਕਿ ਨਹੀਂ ?
ਦੂਜਾ- ਇਹ ਸਿੱਖ ਬੀ ਕਦੀ ਖੁਸ਼ੀ ਨਾਲ ਦੀਨ ਛੱਡਦੇ ਹਨ ? ਇਨ੍ਹਾਂ ਨੂੰ ਤਾਂ ਬੰਨ੍ਹ ਕੇ ਖੀਰ ਖੁਆਉਣੀ ਹੋਈ। ਉਂਞ ਤਾਂ ਇਹ ਸਦਾ ਤਲਵਾਰ ਦਾ ਪਾਣੀ ਹੀ ਚੱਖਦੇ ਹਨ।
ਪਹਿਲਾ— ਹਾਂ ਠੀਕ ਹੈ, ਇਹ ਵੱਡੇ ਹਠੀਲੇ ਹਨ। ਹਿੰਦੂ ਤਾਂ ਮੱਖਣ, ਪਰ ਏਹ ਕਠੋਰ ਪੱਥਰ ਹਨ। ਖ਼ਬਰ ਨਹੀਂ ਇਹ ਕਿਥੋਂ ਉਗਮ ਪਏ ਹਨ? ਭਲਾ ਹੁਣ ਕਿੰਨਾ ਕੁ ਰਸਤਾ ਹੈ ?
ਦੂਜਾ— ਥੋੜਾ ਹੀ ਹੈ, ਅੱਜ ਪੀਰ, ਕੱਲ ਮੰਗਲ ਤੇ ਬੁਧ ਵੀਰ ਠਹਿਰ ਜੁਮੇ (ਸ਼ੁਕਰ) ਨੂੰ ਇਹ ਸਾਬ ਦਾ ਕੰਮ ਵੀ ਸਿਰੇ ਚੜ੍ਹ ਜਾਏਗਾ।
0- ਭਈ ਤੁਹਾਨੂੰ ਮੌਜ ਹੋਊ, ਜਿਨ੍ਹਾਂ ਦੇ ਮਾਲਕ ਨੂੰ ਸੋਨੇ ਦੀ ਚਿੜੀ ਹੱਥ ਲੱਗੀ ਹੈ।
ਦੂਜਾ- ਤੇ ਤੁਹਾਨੂੰ ਭੀ ਮੌਜ ਹੈ, ਤੁਹਾਡੇ ਮਾਲਕ ਮੁੱਲਾਂ ਜੀ ਨੂੰ ਐਡੀ ਦੂਰੋਂ ਸੱਦਿਆ ਗਿਆ ਹੈ, ਇਨਾਮ ਭੀ ਤਾਂ ਬਹੁਤ ਹੀ ਮਿਲੇਗਾ। ਨਾਲ ਦੇ ਨਾਲ ਤੁਹਾਨੂੰ ਬਹੁਤ ਕੁਛ ਹੱਥ ਲਗੂ, ਪਰ ਭਈ ਮਿਲੇ ਜਾਂ ਨਾ ਇਹ ਰਹੀ ਵੱਖਰੀ ਗੱਲ, ਏਹਨਾਂ ਸਿੱਖਾਂ ਨੂੰ ਦੀਨ ਵਿਚ ਲਿਆਉਂਦਿਆਂ ਵੇਖਣਾ ਬੀ ਸ੍ਵਾਬ (ਪੁੰਨ) ਹੈ।