ਇਹ ਦਸ਼ਾ ਵੇਖ ਕੇ ਸ੍ਰ. ਸ਼ਾਮ ਸਿੰਘ ਨੇ ਚੋਣਵੇਂ ਬੰਦੂਕਚੀ ਅਗੇ ਕੀਤੇ। ਇਨ੍ਹਾਂ ਨੇ ਪਹਿਲਾਂ ਇਕ ਨਜ਼ਰ ਨਾਲ ਤੋਪਚੀ ਦੇਖੇ - ਫੇਰ ਇਸ ਫੁਰਤੀ ਨਾਲ ਬੰਦੂਕਾਂ ਨਿਸ਼ਾਨੇ ਕਰ ਕੇ ਸਰ ਕੀਤੀਆਂ ਕਿ ਦੋਵੇਂ ਤੋਪਚੀ ਘੁੱਗੀਆਂ ਵਾਂਙ ਹੇਠਾਂ ਆ ਪਏ। ਉਨ੍ਹਾਂ ਦੇ ਡਿਗਦਿਆਂ ਹੀ ਸਰਦਾਰ ਸ਼ਾਮ ਸਿੰਘ ਨੇ ਦਸ ਸਿੱਖ ਹੋਰ ਅੱਗੇ ਕੀਤੇ। ਇਨ੍ਹਾਂ ਨੇ ਥੋੜੇ ਚਿਰ ਵਿਚ ਹੀ ਤੀਰਾਂ ਦੀ ਅਜੇਹੀ ਬੁਛਾੜ ਕੀਤੀ ਕਿ ਦਰਵਾਜ਼ੇ ਦੇ ਉਪਰਲੇ ਜਿੰਨੇ ਮਨੁੱਖ ਸਨ ਵਿੰਨ੍ਹ ਸਿੱਟੇ ਅਰ ਫੇਰ ਹੁਮ ਹੁਮਾ ਕੇ ਦਰਵਾਜ਼ੇ ਨੂੰ ਜਾ ਪਏ ਤੇ ਬਦਾਮ ਦੇ ਛਿੱਲੜ ਵਾਂਗ ਉਸਨੂੰ ਭੰਨ ਸਿੱਟਿਆ। ਬਾਹਰ ਇਕ ਫੌਜ ਦਾ ਦਸਤਾ ਖੜਾ ਸੀ। ਸ਼ਾਮ ਸਿੰਘ ਨੇ ਇਕ ਅਜੇਹੀ ਸੈਨਤ ਕੀਤੀ ਕਿ ਸਾਰੀ ਫੌਜ ਤਲਵਾਰਾਂ ਧੂਹ ਕੇ ਸੱਜੇ ਖੱਬੇ ਵਾਹੁੰਦੀ ਸਰਪਟ ਘੋੜੇ ਸਿੱਟਦੀ ਵੈਰੀ ਨੂੰ ਚੀਰਦੀ ਹੋਈ ਦੂਰ ਨਿਕਲ ਗਈ।