ਸ਼ਾਮ ਸਿੰਘ ਬੋਲਿਆ- ਪੈਂਚਾਂ ਨੂੰ ਫੜ ਲਿਆਓ। ਸਿੱਖਾਂ ਨੇ ਦੋ ਪੁਰਖ ਅੱਗੇ ਕੀਤੇ ਕਿ ਇਹ ਪੈਂਚ ਹਨ, ਜੋ ਫੜ ਆਂਦੇ ਹਨ।
ਸ਼ਾਮ ਸਿੰਘ- ਕਿਉਂ ਚੌਧਰੀਓ! ਖਾਣਾ ਕਿਉਂ ਨਹੀਂ ਦੇਂਦੇ?
ਪੈਂਚ- ਪਾਤਸ਼ਾਹ ਦਾ ਹੁਕਮ ਨਹੀਂ।
ਸ਼ਾਮ ਸਿੰਘ ਐਸ ਵੇਲੇ ਪਾਤਸ਼ਾਹ ਖ਼ਾਲਸਾ ਹੈ।
ਪੈਂਚ— ਖ਼ਾਲਸੇ ਦਾ ਕੀ ਪਤਾ ਹੈ ? ਬੱਦਲ ਛਾਇਆ ਵਾਂਗ ਹੁਣੇ ਹੈ ਤੇ ਹੁਣੇ ਗੁੰਮ। ਤੁਸੀਂ ਕੱਲ ਖ਼ਬਰੇ ਕਿਥੇ ਹੋਵੋਗੇ।
ਸ਼ਾਮ ਸਿੰਘ- ਦਸ ਵੀਹ ਜਣੇ ਜਾ ਕੇ ਪਿੰਡ ਵਿਚੋਂ ਖਾਣ ਪੀਣ ਨੂੰ ਲੈ ਆਓ, ਪਰ ਕਿਸੇ ਤੀਵੀਂ ਬਾਲ ਨੂੰ ਦੁਖ ਨਾ ਦੇਣਾ ਤੇ ਨਾ ਹੀ ਖਾਣ ਦੀਆਂ ਚੀਜ਼ਾਂ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਛੇੜਨਾ।
ਸਰਦਾਰ ਇਹ ਹੁਕਮ ਦੇ ਰਿਹਾ ਸੀ ਕਿ ਤਿੰਨ ਚਾਰ ਮੁਸਲਮਾਨੀਆਂ ਬੁਰਕੇ ਪਹਿਨੀਂ ਹੌਲੀ ਹੌਲੀ ਰੋਂਦੀਆਂ ਆ ਖਲੋਤੀਆਂ ਅਰ ਨਾਲ ਇਕ ੧੪ ਵਰ੍ਹੇ ਦੇ ਬਾਲ ਨੂੰ ਲਿਆਈਆਂ, ਉਸ ਦੀ ਜ਼ੁਬਾਨੀ ਬੇਨਤੀਆਂ ਕਰਨ ਲੱਗੀਆਂ ਕਿ ਆਪ ਸਾਡੇ ਮਰਦਾਂ ਨੂੰ ਮਾਰੋ ਨਹੀਂ ਅਤੇ ਨਾ ਕੁਝ ਵਧੀਕੀ ਹੀ ਕਰੋ, ਜੋ ਕੁਝ ਮੰਗਦੇ ਹੋ ਅਸੀਂ ਦੇ ਦੇਂਦੀਆਂ ਹਾਂ।