Back ArrowLogo
Info
Profile
ਇਹ ਸੁਣ ਕੇ ਸ਼ਾਮ ਸਿੰਘ ਤੇ ਬਲਵੰਤ ਸਿੰਘ ਨੇ ਬੀਬੀ ਨੂੰ ਸ਼ਾਬਾਸ਼ ਦਿੱਤੀ। ਹੁਣ ਅਵੇਰ (ਦੇਰ) ਹੋ ਗਈ ਸੀ, ਸਾਰੇ ਪਾਠ ਕਰਕੇ ਸੌਂ ਗਏ।

ਸਵੇਰੇ ਪ੍ਰਾਤਾਕਾਲ ਸਿੰਘ ਉਠਦੇ ਹੁੰਦੇ ਸਨ ਤੇ ਰੁੱਤ ਬੀ ਬਸੰਤ ਦੀ ਸੀ, ਉਸ ਜੰਗਲ ਦੇ ਵਿਚ ਈਸ਼੍ਵਰ ਦੇ ਨਾਮ ਦੀ ਮਹਿੰਮਾ ਨੇ ਉਹ ਰਸ ਬੱਧਾ ਕਿ ਬੈਕੁੰਠ ਭਾਸਣ ਲੱਗਾ। ਸਵੇਰ ਹੁੰਦੇ ਹੀ ਮਹਾਰਾਜ ਦਾ ਪ੍ਰਕਾਸ਼ ਹੋਇਆ ਅਰ ਸੰਗਤ ਆ ਜੁੜੀ। ਪਹਿਲੇ ਸ਼ਾਮ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਬੀਬੀ ਸੁਰੱਸਤੀ ਦਾ ਸੰਕਲਪ ਆਪਣਾ ਜਨਮ ਧਰਮ ਅਰਥ ਬਿਤੀਤ ਕਰਨ ਦਾ ਹੈ ਅਰ ਘਰ ਬਾਹਰ, ਸੁਲਹ ਜੰਗ ਹਰ ਥਾਂ ਭਰਾਵਾਂ ਦੀ ਸੇਵਾ ਕਰਨੀ ਚਾਹੁੰਦੀ ਹੈ, ਇਸ ਕਰਕੇ ਇਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸੰਗਤਾਂ ਵਿਚ ਸਾਂਝੀ ਕਰਦੇ ਹਾਂ ਅਰ ਆਪਣੀ ਧਰਮ ਭੈਣ ਬਨਾਉਂਦੇ ਹਾਂ। ਸਰਬਤ ਖ਼ਾਲਸਾ ਇਨ੍ਹਾਂ ਨੂੰ ਆਪਣੇ ਮਾਤਾ ਸਾਹਿਬ ਦੇਵਾਂ ਜੀ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰੀ ਜਾਣੇ ਅਰ ਇਨ੍ਹਾਂ ਨਾਲ ਭੈਣਾਂ ਵਾਲਾ ਵਰਤਾਉ ਕਰੇ, ਫੇਰ ਅੰਮ੍ਰਿਤ ਛਕਾਇਆ ਗਿਆ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਨਾਮ 'ਸੁੰਦਰ ਕੌਰ' ਰਖਿਆ ਜੋ 'ਸੁੰਦਰੀ' ਹੋ ਕੇ ਪ੍ਰਸਿੱਧ ਹੋਇਆ।

ਖ਼ਾਲਸਾ ਜੀ ਦੀਆਂ ਖੁਸ਼ੀਆਂ ਦੀ ਹੱਦ ਕਿੱਥੇ ਸੀ ? ਅਜ ਉਹ ਦਿਨ ਹੈ ਕਿ ਆਪਣੀ ਇਕ ਭੈਣ ਨੂੰ ਸ਼ੇਰ ਦੀਆਂ ਨਹੁੰਦਰਾਂ ਵਿਚੋਂ ਕੱਢ ਕੇ ਲੈ ਆਏ ਹਨ ਤੇ ਉਹ ਅਜ ਧਰਮ ਦੀ ਜਗਵੇਦੀ ਤੇ ਆਪਣਾ ਬਲੀਦਾਨ ਦੇਣ ਲੱਗੀ ਹੈ ਜੋ ਹੁਣ ਦਲ ਵਿਚ ਰਹਿ ਕੇ ਸਾਰੀ ਆਯੂ ਸੇਵਾ ਕਰੇਗੀ ਤੇ ਵੀਰਾਂ ਦੇ ਦੁੱਖ ਵੰਡਾਏਗੀ। ਸਾਰੀ ਫ਼ੌਜ ਵਿਚ ਕਿਹੜਾ ਪੁਰਖ ਸੀ ਜਿਸ ਦੇ ਸਿਰੋਂ ਇਸਤ੍ਰੀ ਦਾ ਕੋਮਲ ਪ੍ਰੇਮ-ਮਈ ਤੇ ਦਇਆਵਾਨ ਛਾਇਆ ਨਹੀਂ ਉਡ ਚੁੱਕਾ ਸੀ ? ਕਿਹੜਾ ਸੀ ਜੋ ਮਾਤਾ, ਭੈਣ ਜਾਂ ਵਹੁਟੀ ਦੇ ਪਵਿੱਤ੍ਰ ਸੰਬੰਧ ਤੋਂ ਧਰਮ ਦੀ ਖਾਤਰ ਇਕ ਤਰ੍ਹਾਂ ਵਿਛੁੜ ਨਹੀਂ ਚੁਕਾ ਸੀ ਅਰ ਮੁੱਦਤਾਂ ਤੋਂ (ਖੁਰਦਰਾ) ਫ਼ੌਜੀ ਜੀਵਨ ਬਿਤੀਤ ਨਹੀਂ ਕਰ ਰਿਹਾ ਸੀ? ਆ! ਪਿਆਰੇ ਪਾਠਕ! ਉਸ ਪੰਥ ਹਿਤ ਕੁਰਬਾਨ ਹੋਣ ਵਾਲੇ ਜਥੇ ਵਿਚ ਇਸ ਧਰਮੀ ਕੰਨਿਆਂ ਦੀ ਕੁਰਬਾਨੀ ਨੇ ਉਹ ਪਵਿੱਤ੍ਰ ਅਸਰ ਪੈਦਾ ਕੀਤਾ ਕਿ ਸਭ ਨੇ ਉਸਨੂੰ ਮਾਤਾ ਜਾਂ ਭੈਣ ਸਮਝ ਕੇ ਇਸ ਆਨੰਦ ਨਾਲ ਗੁਰੂ ਸਾਹਿਬ ਜੀ ਦੇ ਧੰਨਵਾਦ ਕੀਤੇ

28 / 139
Previous
Next