ਇੰਨੇ ਨੂੰ ਖਾਣੇ ਦੀ ਖ਼ਬਰ ਆਈ,
ਉਥੇ ਹੀ ਦਸਤਰਖ਼ਾਨ ਵਿਛਾਯਾ ਗਿਆ,
ਉਤੇ ਭਾਂਤ ਭਾਂਤ ਦੇ ਖਾਣੇ ਰੱਖੇ ਗਏ,
ਸਭੇ ‘ਬਿਸਮਿੱਲਾ'
ਕਹਿਕੇ ਖਾਣ ਲੱਗੀਆਂ। ਇਹ ਚੁੱਪ ਬੈਠੀ ਹੈ। ਜੇ ਉਹ ਖਾਣ ਵਾਸਤੇ ਤੰਗ ਕਰਦੀਆਂ ਹਨ,
ਤਾਂ ਇਹ ਤਪ ਤਪ ਹੰਝੂ ਕੇਰਦੀ ਤੇ ਹੌਲੀ ਜੇਹੀ ਕਹਿ ਉਠਦੀ ਹੈ : '
ਹੇ ਸ਼ਿਵ ਸੰਘਾਰ ਕਰ। ਜਦ ਬੇਗ਼ਮਾਂ ਨੇ ਬਹੁਤ ਤੰਗ ਕੀਤਾ ਤਦ ਤਾਂ ਫੁੱਟ ਫੁੱਟ ਰੋਈ,
ਡਸਕਾਰਿਆਂ ਦੀ ਆਵਾਜ਼ ਦੂਰ ਤੱਕ ਪਹੁੰਚਣ ਲੱਗੀ। ਸਭੇ ਜਣੀਆਂ ਗੁੱਸੇ ਵਿਚ ਭਰ ਗਈਆਂ ਕਿ ਇਸਨੇ ਸਾਡਾ ਖਾਣਾ ਹਰਾਮ ਕਰ ਦਿੱਤਾ ਹੈ। ਹੱਥੋਂ ਹੱਥੀ ਕੁਟਣ ਨੂੰ ਤਿਆਰ ਸਨ,
ਪਰ ਇਕ ਜਣੀ ਨੂੰ ਕੁਛ ਤਰਸ ਆਇਆ,
ਬੋਲੀ : '
ਭੈਣੋ! ਇਹ ਇਸ ਦੇ ਵੱਸ ਨਹੀਂ,
ਜਦ ਮੈਨੂੰ ਫੜਕੇ ਆਂਦਾ ਸੀ ਤਦ ਮੇਰਾ ਇਸ ਤੋਂ ਬੀ ਬੁਰਾ ਹਾਲ ਸੀ,
ਹੌਲੀ ਹੌਲੀ ਆਪੇ ਰਚਮਿਚ ਜਾਏਗੀ।'
ਗੱਲ ਕਾਹਦੀ ਓਹ ਸਭੇ ਕੁਝ ਕੁ ਟਲੀਆਂ ਤੇ ਸਹੀ,
ਪਰ ਆਖਣ ਲੱਗੀਆਂ ਕਿ ਇਸ ਨੂੰ ਕੁਛ ਖੁਆਉਣਾ ਜ਼ਰੂਰੀ ਹੈ। ਲਾ ਤਰਲੇ ਰਹੀਆਂ,
ਪਰ ਉਸ ਰੱਬ ਦੀ ਬੰਦੀ ਨੇ ਇਕ ਨਾ ਮੰਨੀ,
ਛੇਕੜ ਉਨ੍ਹਾਂ ਨੇ ਰਲਕੇ ਉਸਨੂੰ ਢਾਇਆ ਤੇ ਮਾਸ ਦੀ ਤਰੀ ਉਸਦੇ ਮੂੰਹ ਵਿਚ ਪਾਉਣ ਲੱਗੀਆਂ ਹੀ ਸਨ ਕਿ ਇੰਨੇ ਨੂੰ ਹਾਕਮ ਸਾਹਿਬ,
ਜੋ ਹੇਠਾਂ ਸ਼ਰਾਬ ਪੀ ਰਹੇ ਸਨ,
ਮਸਤ ਹੋਏ ਹੋਏ ਉਤੇ ਆ ਗਏ ਅਰ ਇਹ ਹਾਲ ਵੇਖ ਕੇ ਸਮਝੇ ਕਿ ਸਭੇ ਖਾਰ ਸਾੜ ਪਿਛੇ ਇਸ ਨੂੰ ਕੁਟਦੀਆਂ ਹਨ। ਇਹ ਸਮਝਕੇ ਦੋ ਦੋ ਧੌਲਾਂ ਸਭਨਾਂ ਦੇ ਸਿਰ ਮਾਰਕੇ ਉਸ ਵਿਚਾਰੀ ਨੂੰ ਬਾਹੋਂ ਫੜਕੇ ਬਾਹਰ ਛੱਜੇ ਪੁਰ ਲੈ ਗਏ ਤੇ ਨਸ਼ੇ ਵਿਚ ਮਸਤ ਹੋ ਕੇ ਲੱਗੇ ਊਲ ਜਲੂਲ ਗੱਲਾਂ ਕਰਨ। ਇਸ ਵੇਲੇ ਇਸਤ੍ਰੀ ਨੂੰ ਨਿਸਚਾ ਹੋ ਗਿਆ ਕਿ ਹੁਣ ਧਰਮ ਬਚਨ ਦੀ ਕੋਈ ਵਾਹ ਨਹੀਂ ਰਹੀ ਹੁਣ ਜਾਨ ਦੇਣੀ ਉੱਤਮ ਹੈ। ਸੰਕਲਪ ਧਾਰਿਆ ਕਿ ਬਾਰੀ ਦੇ ਪਾਸ ਖੜੀ ਹਾਂ ਛਾਲ ਮਾਰ ਦੇਵਾਂ,
ਪਰ ਹਾਇ! ਦੁਖੀਆਂ ਪਾਸੋਂ ਮੌਤ ਵੀ ਡਰਦੀ ਹੈ। ਇਸਦੀ ਬੇਰੁਖੀ ਉਦਾਸੀ ਤੇ ਨਿਰਾਸਤਾ ਤੇ ਸ਼ਰਾਬੀ ਨਵਾਬ ਨੂੰ ਭੀ ਕਹਿਰ ਚੜ੍ਹ ਗਿਆ,
ਉਸਨੇ ਵੀਣੀਉਂ ਵੱਡੇ ਜ਼ੋਰ ਨਾਲ ਫੜਿਆ ਤੇ ਲਾਲ ਅੱਖਾਂ ਕਰਕੇ ਪਤਾ ਨਹੀਂ ਕੀਹ ਬੋਲਣ ਲੱਗਾ ਸੀ ਕਿ ਉਸਦੀ ਆਵਾਜ਼ ਐਉਂ ਨਿਕਲੀ: ਘੈ ਘੈ ਘ ਘ ਘਘਘ ਘ।
* ਜਿਸ ਕੱਪੜੇ ਪੁਰ ਥਾਲ ਰੱਖ ਕੇ ਰੋਟੀ ਖਾਂਦੇ ਹਨ।