ਤ੍ਰੇਲ ਤੁਪਕੇ
1. ਦੀਦਾਰ
ਹੇ ਅਸਲੀਅਤ ਇਸ ਦਿਸਦੇ ਦੀ !
ਸਾਨੂੰ ਪਰੇ ਨ ਸੱਟੇਂ ਹਾ !
ਧੁਰ ਮਰਕਜ਼ ਆਪਣੇ ਵਿਚ ਕਿਧਰੇ
ਠਾਟ ਅਸਾਡਾ ਠੱਟੇਂ ਹਾ !
ਵਿੱਥ ਕਿਸੇ ਤੇ ਰੱਖ ਜਿ ਸਾਨੂੰ
ਤੂੰ ਖਿੜਨਾ ਖ਼ੁਸ਼ ਹੋਣਾ ਸੀ,
ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ
ਪਰੇ ਨ ਹੱਟੇਂ ਹਾ ।੧।
2. ਅੱਖੀਆਂ
'ਅਰੂਪ ਦੇ ਦੀਦਾਰ ਦੀ ਤੜਫਨ'
ਤੋਂ ਬਣੀਆਂ ਅੱਖੀਆਂ,
ਪਰ ਰੂਪ ਦੇ ਕਰ ਸਾਮ੍ਹਣੇ ਰੁਖ਼
ਬਾਹਰ ਦਾ ਦੇ ਰੱਖੀਆਂ,
ਦੇਖਣ ਨਜ਼ਾਰੇ ਸੋਹਿਣੇ, ਰੀਝਣ
ਤੇ ਰਚ ਰਚ ਜਾਣ, ਪਰ
ਮਿਟਦੀ ਨ ਤਾਂਘ ਅਰੂਪ ਦੀ:
ਪਲ ਰੂਪ ਤੇ, ਫਿਰ ਭੁੱਖੀਆਂ ।੨।
3. ਲੱਗੀਆਂ
ਜੀ ਮੇਰੇ ਕੁਛ ਹੁੰਦਾ ਸਹੀਓ
ਉਡਦਾ ਹੱਥ ਨ ਆਵੇ,-
ਕੱਤਣ, ਤੁੰਮਣ, ਹੱਸਣ, ਖੇਡਣ,
ਖਾਵਣ ਮੂਲ ਨ ਭਾਵੇ,
ਨੈਣ ਭਰਨ, ਖਿਚ ਚੜ੍ਹੇ ਕਾਲਜੇ
ਬਉਰਾਨੀ ਹੋ ਜਾਵਾਂ,-
ਤਿੰਞਣ ਦੇਸ਼ ਬਿਗਾਨਾ ਦਿੱਸੇ,
ਘਰ ਖਾਵਣ ਨੂੰ ਆਵੇ ।੩।