

ਇਸਤ੍ਰੀ ਸਦਾ ਦੱਬੀ ਰਹੀ ਤੇ ਮਰਦ ਸਦਾ ਨਾ-ਕਾਮ,
ਹੇ ਇਸਤ੍ਰੀ, ਉਠ ! ਕਿ ਸ਼ਾਇਦ ਤੂੰ ਕਾਮਯਾਬ ਥੀਵੇਂ,
ਉੱਠ, ਕਿ ਬਹਿਣ ਦਾ ਵੇਲਾ ਨਹੀਂ,
ਜਾਗ, ਕਿ ਸਾਉਣ ਦਾ ਸਮਾਂ ਨਹੀਂ,
ਜ਼ਮਾਨਾ ਤੇਰੀ ਉਡੀਕ ਵਿਚ ਹੈ,
ਕੁਦਰਤ ਤੇਰੇ ਇੰਤਜ਼ਾਰ ਵਿਚ,
ਰੱਬ ਤੇਰੇ ਇਸਤਕਬਾਲ ਲਈ ਖੜਾ ਹੈ,
ਰੱਬਤਾ ਤੇਰੀ ਆਓ-ਭਗਤ ਲਈ !
ਨੀਂਦਰ ਤਿਆਗ, ਦਲਿਦਰ ਛੋੜ, ਸੰਭਾਲ ਪੱਲਾ ਤੇ ਹੋ ਖੜੀ
ਆਪਣੇ ਆਸਰੇ,
ਤੋੜ ਕੰਧਾਂ, ਭੰਨ ਪਿੰਜਰੇ, ਛੋੜ ਜਿੰਦ-ਕੁਹਣੀਆਂ ਰਸਮਾਂ,
ਖੁਦ-ਗਰਜ਼ ਮਰਦ ਮਾਹਣੂਆਂ ਦੀਆਂ ਤੇਰੇ ਲਈ ਪਾਈਆਂ ਲੀਕਾਂ,
ਉਠਾ ਬੁੱਤ, ਬਰਾਬਰ ਕਰ ਮੰਦਰ, ਪੱਧਰ ਕਰ ਕੰਧਾਂ-
ਕਿ ਡੱਕੇ ਹਟਣ, ਉਹਲੇ ਉੱਠਣ,
ਰਤਾ ਖੁਲ੍ਹ ਹੋਵੇ, ਰਤਾ ਹਵਾ ਆਵੇ,
ਕੇਹੀ ਕੈਦ ਹੈ, ਕੇਹਾ ਹੁੰਮਸ ਧੁੰਮਸ,
ਮੈਦਾਨ ਕਰ ਦੇ,
ਕਿ ਫੇਰ ਫੁੱਲ ਉੱਗਣ,
ਖੇੜਾ ਦਿੱਸੇ, ਖ਼ੁਸ਼ਬੂ ਆਵੇ ।
ਉਠ ਜੀਵਨ-ਰਾਗਨੀ ਛੇੜ,
ਕਿ ਮੁਰਦਾ ਮਰਦ ਸੰਸਾਰ ਤੇਰੇ ਆਸਰੇ ਜੀਵੇ
ਖੇੜਾ, ਖੁਸ਼ਬੂ ਖਿਲਾਰ,
ਕਿ ਸੁੱਕਾ ਮੁਰਝਾਇਆ ਸੰਸਾਰ ਤੇਰੇ ਸਦਕਾ ਟਹਿਕੇ,
ਟੁੱਕਰ ਦੀ ਬੁਰਕੀ ਲਈ ਮਰਦ ਦੀ ਮੁਥਾਜੀ ਛੱਡ,
ਕਿ ਮਰਦ ਤੀਵੀਂ ਦੋਵੇਂ ਜੀਵਣ ।
ਸੰਸਾਰ ਦਾ ਜੀਵਨ ਤੇਰੇ ਅੰਦਰ ਹੈ,
ਕਾਇਣਾਤ ਤੇਰੇ ਸੀਨੇ ।
ਹਨੇਰੀ ਆ ਰਹੀ ਹੈ, ਭੁਚਾਲ ਆ ਰਿਹਾ ਹੈ !
ਉਠ ! ਮਤੇ ਮੁਰਦਾ ਮਰਦ ਤੈਨੂੰ ਭੀ ਨਾਲ ਲੈ ਮਰੇ,
ਉਠ ! ਚਿਰ ਪਿਆ ਹੁੰਦਾ, ਵੇਲਾ ਲੰਘਦਾ ਜਾਂਦਾ ।