

ਕਾਂਗਾਂ ਵਿਚ ਆਈ ਜਵਾਨੀ,
ਮੈਂ ਹੋ ਰਹੀ ਝਲ-ਮਸਤਾਨੀ,
ਨਾਦਾਨੀ ਹਾਂ ਦੀਵਾਨੀ,
ਬਿਨ ਨਸ਼ਿਓਂ ਹੀ ਬਉਰਾਨੀ,
ਬਿਨ ਤਿਲਕਣ ਪਈ ਤਿਲਕੇਨੀ ਆਂ,
ਕੋਈ ਆਣ ਸੰਭਾਲੇ ਮੈਨੂੰ !
ਮੈਂ ਆਪਾ ਜਰ ਨਾ ਸਕਦੀ,
ਤੇ ਉਮ੍ਹਲ ਉਮ੍ਹਲ ਪਈ ਵਹਿੰਦੀ,
ਜਿੰਦ ਕੈਦ ਅੰਦਰ ਨਾ ਰਹਿੰਦੀ,
ਤੇ ਉਛਲ ਉਛਲ ਪਈ ਪੈਂਦੀ,
ਬਿਨ ਆਈਓਂ ਮਰ ਮਰ ਪੈਨੀ ਆਂ,
ਕੋਈ ਆਣ ਬਚਾਵੇ ਮੈਨੂੰ !
ਮੇਰੀ ਰਗ ਰਗ ਰਗ ਪਈ ਥਰਕੇ,
ਥਰਕਣ ਪਈ ਪਾੜੇ ਪਰਦੇ,
ਜਦ ਪੈਰ ਧਰਾਂ ਮੈਂ ਧਰਤੀ,
ਧਰਤੀ ਨੂੰ ਆਉਂਦੇ ਲਰਜ਼ੇ,
ਨਾ ਪਰਦਿਆਂ ਅੰਦਰ ਰਹਿਨੀ ਆਂ,
ਕੋਈ ਆਣ ਲੁਕਾਵੇ ਮੈਨੂੰ !
ਅੱਡੀ ਨਾ ਲਗਦੀ ਮੇਰੀ,
ਪੱਬਾਂ ਤੇ ਤੁਰਦੀ ਜਾਂਦੀ,
ਬਿਨ ਪੀਂਘਾਂ ਪੀਂਘ ਚੜ੍ਹਾਂਦੀ,
ਗਗਨਾਂ ਵਲ ਉਡਦੀ ਜਾਂਦੀ,
ਪਈ ਹਾਣ ਹਾਣ ਦਾ ਵੇਹਨੀ ਆਂ,
ਕੋਈ ਨਜ਼ਰ ਨਾ ਆਵੇ ਮੈਨੂੰ !