

ਸੂਰਜ ਡੁਬ ਰਿਹਾ, ਸ਼ਾਮਾਂ ਪੈ ਰਹੀਆਂ,
ਘਟਦਾ ਜਾਂਦਾ ਚਾਨਣ, ਵਧਦਾ ਜਾਂਦਾ ਹਨੇਰਾ,
ਟਿਕਾਣਿਆਂ ਵਾਲੇ ਚਲੇ ਗਏ, ਆਪਣੀ ਟਿਕਾਣੀਂ,
ਘਰਾਂ ਵਾਲੇ ਆਪਣੀ ਘਰੀਂ-ਜਿਨ੍ਹਾਂ ਦੇ ਘਰ ਹੈਸਨ,
ਮੇਰੀ ਮਜਲ ਨਹੀਂ ਮੁੱਕੀ, ਨਾ ਟਿਕਾਣਾ ਮਿਲਿਆ ਮੈਨੂੰ,
ਸ਼ਾਮਾਂ ਪੈ ਰਹੀਆਂ ਅਧਵਾਟੇ,
ਪੈਂਡਾ ਮੇਰਾ ਅਟਕ ਗਿਆ, ਡੋਬੂ ਨਦੀ ਦੇ ਕੰਢੇ ।
ਤਾਰੂ ਨਦੀ ਸ਼ੂਕਦੀ, ਵੰਞੀਂ ਹਾਥ ਨਾ ਇਸ ਦੀ ।
ਸ਼ਾਮਾਂ ਪੈ ਗਈਆਂ,
ਰਤਾ ਰਤਾ ਲੋਅ ਅਜੇ ਹੈ,
ਪਰ ਜਿੱਥੇ ਸੂਰਜ ਦੇ ਇਸ ਚਾਨਣੇ ਕੁਝ ਨਾ ਸਾਰਿਆ,
ਸ਼ਾਮਾਂ ਦੀ ਇਹ ਮਿਟਦੀ ਲੋਅ ਕਿਸ ਕੰਮ ?
ਪੁਲ ਕੋਈ ਨਹੀਂ, ਨਾ ਬੇੜੀ, ਨਾ ਮਾਂਝੀ,
ਮੈਂ ਅਨ-ਤਾਰੂ ਖਲੀ ਇਸ ਕੰਢੇ, ਅਨਜਾਣ ਇਕੱਲੀ,
ਰਾਹ ਮੇਰਾ ਆਣ ਰੁਕਿਆ, ਅਸਗਾਹ ਅਲੰਘ ਨਦੀ ਦੇ ਇਸ ਕੰਢੇ,
ਕੋਈ ਹੈ ਬੇੜੀ ਵਾਲਾ ?
ਮੈਨੂੰ ਉਸ ਪਾਰ ਲੈ ਜਾਏ, ਬੇੜੀ ਤੇ ਬਿਠਾ ਕੇ,
ਸ਼ਾਮਾਂ ਪੈ ਗਈਆਂ ।