(੨)
ਫਿਰਦੀ ਸਾਂ ਮੈਂ ਅਣ-ਜਾਤੀ, ਅਣ-ਪਛਾਤੀ, ਆਪੇ ਲੱਗੀ ਕਿਸੇ ਤਲਾਸ਼ ਵਿਚ,
ਖਲੋਣ ਨਾ ਸੀ ਮੈਨੂੰ, ਨਾ ਵਿਹਲ ਮੇਰਾ, ਇਕ ਵਹਿਸ਼ਤ ਸੀ ਬੱਸ ।
ਅਧੀਰ ਹੋਈ ਦੌੜਦੀ ਸਾਂ ਮੈਂ, ਨਾ-ਮਲੂਮ ਕਿਸੇ ਧੀਰ ਦੀ ਸੇਧ ਤੇ ।
ਸਮੇਂ ਦਾ ਚੇਤਾ ਨਹੀਂ ਸੀ ਮੈਨੂੰ, (ਸਮਾਂ ਬਣਨ ਤੋਂ ਪਹਿਲਾਂ ਬਣੀ ਸੀ ਮੇਰੀ ਢੂੰਡ)
ਥਕਾਵਟ ਨਾ ਸੀ, ਨਾ ਮੌਤ ਮੈਨੂੰ, ਬਸ ਗਰਦਸ਼ ਸੀ, ਤਲਾਸ਼ ।
ਢੂੰਡ ਮਾਰੇ ਜੰਗਲ ਸਾਰੇ, ਵਸਤੀਆਂ ਸਾਰੀਆਂ,
ਟਿਕਾਣੇ ਸਾਰੇ, ਸਰਾਵਾਂ ਸਾਰੀਆਂ,
ਨਾ ਮੁੱਕੀ ਮੇਰੀ ਢੂੰਡ, ਨਾ ਪੁੱਗਾ ਮੇਰਾ ਪੰਧ,
ਨਾ ਮਿਲਿਆ ਮੈਨੂੰ ਮੇਰਾ, ਨਾ ਹੋਈ ਮੈਨੂੰ ਧੀਰ,
ਮੈਂ ਮੁਕ ਚਲੀ ਤੇ ਆ ਮਿਲਿਆ ਮੈਨੂੰ 'ਉਹ' ਆ-ਮੁਹਾਰਾ ।
ਇਉਂ ਜਾਪੇ, ਜਿਉਂ ਵਿਛੜੇ ਨਹੀਂ ਸੀ ਕਦੀ, ਅਸੀਂ ਸਦਾ ਮਿਲੇ ।
ਜਿਉਂ ਵਿਛੜਨਾ ਨਹੀਂ ਕਦੇ ਅਸਾਂ, ਸਦਾ ਮਿਲੇ ।
ਉਹਦਾ ਮੇਰਾ ਖੇੜਾ ਇਕ, ਰੂਹਾਂ ਦੀ ਡੂੰਘਾਈ ਇਕ ।
ਮੈਂ ਤੇ ਉਹ ਮਿਲੇ ਸਾਂ ਇਉਂ,
ਮਿਲ ਰਹੇ ਹਾਂ ਇਉਂ,
ਮਿਲੇ ਰਹਾਂਗੇ ਇਉਂ,
ਇਹ ਹੈ ਜ਼ਿੰਦਗੀ ਦਾ ਅਸਰਾਰ-ਥਿਰ ਮੇਲਾ ।