ਹਨੇਰੀ ਆ ਰਹੀ ਹੈ, ਹਨੇਰੀ !
ਕਾਲੀ ਬੋਲੀ, ਅੰਧਾ ਧੁੰਧ, ਤੇਜ਼ ।
ਬਸ ਰਾਤ ਹੋ ਰਹੇਗੀ, ਹਨੇਰ ਘੁਪ ਘੇਰ,
ਸੂਰਜ, ਚੰਦ, ਤਾਰੇ, ਸਭ ਕੱਜੇ ਜਾਵਸਨ,
ਸਾਡੇ ਸਾਮਾਨ ਰੌਸ਼ਨੀ ਦੇ ਸਭ ਗੁੱਲ ਹੋਵਸਨ ।
ਹਨੇਰੀ ਆ ਰਹੀ ਹੈ, ਹਨੇਰੀ !
ਅਜੇਹੀ ਅੱਗੇ ਆਈ ਹੋਸੀ-
ਵੇਖੀ ਨਹੀਂ, ਯਾਦ ਨਹੀਂ ।
ਹਨੇਰੀ ਆ ਰਹੀ ਹੈ, ਹਨੇਰੀ !
ਇਨਕਲਾਬ ਦੀ, ਤਬਾਹੀ ਦੀ, ਤਬਦੀਲੀ ਦੀ,
ਹੇਠਲੀ ਉਤੇ ਹੋ ਜਾਏਗੀ, ਦਿੱਸੇਗਾ ਕੁਝ ਨਾ,
ਸਿਆਣ ਨਾ ਰਹੇਗੀ ਕਿਸੇ ਨੂੰ ਕਿਸੇ ਦੀ,
ਕੀਮਤਾਂ ਸਭ ਬਦਲੀਆਂ ਜਾਵਸਨ ।
ਫਲ, ਫੁੱਲ, ਸ਼ਾਖ, ਟੁੰਡ, ਟਹਿਣੀ,
ਕੱਖ ਨਾ ਰਹਿਸੀ;
ਛੱਪਰ, ਕੁੱਲੇ, ਕੋਠੇ ਕੁਲ ਉਡ ਵਹਿਸਨ;
ਪੰਛੀ, ਮਨੁੱਖ, ਸ਼ੇਰ, ਹਾਥੀ,
ਉਡਣਗੇ, ਡਿੱਗਣਗੇ, ਟੁੱਟਣਗੇ, ਢਹਿਣਗੇ;
ਜ਼ਿਮੀਂ ਫਟੇਗੀ, ਤਾਰੇ ਡਿਗਣਗੇ,
ਗ੍ਰਹਿ ਭਿੜਸਨ, ਆਪੋ ਵਿਚ;
ਸਮੁੰਦਰਾਂ ਦੀ ਥਾਂ ਪਹਾੜ, ਪਹਾੜਾਂ ਥਾਵੇਂ ਸਮੁੰਦਰ ਹੋ ਨਿਕਲਸਨ,
ਧਰਤੀ ਦੇ ਪਰਖਚੇ ਉਡ ਜਾਣਗੇ,
ਨਵਾਂ ਅਕਾਸ਼-ਚੰਦੋਆ ਤਣੇਂਗਾ ਘੱਟੇ ਦਾ ।