ਅੰਦਰਲਾ ਮੇਰਾ ਸੁੱਕਾ ਸੁੱਕਾ, ਹਰਿਆ ਹੋਇਆ, ਤਰੋ-ਤਾਜ਼ਾ,
ਹੌਲਾ ਫੁੱਲ, ਟਹਿਕਿਆ ਖਿੜਿਆ, ਉੱਚਾ ਉੱਠਿਆ,
ਟਿਕਿਆ ਅਡੋਲ, ਮਿੱਠੀ ਮਿੱਠੀ ਮੱਧਮ ਕੰਬਣੀ ਕੰਬਦਾ,
ਥਰਕਦਾ, ਤ੍ਰੇਲ ਜਿਹੀ ਬਰਸਾਣ, ਭਿੰਨੀ ਭਿੰਨੀ, ਮਿੱਠੀ ਮਿੱਠੀ, ਮੱਠੀ ਮੱਠੀ, ਸਵਾਦਲੀ ।
ਇਹ ਕੀਹ ਗੱਲ ? ਇਹ ਰੋਣ ਸੀ ਕਿ ਧੋਣ ? ਇਕ ਜਾਦੂ ਜਿੰਦ ਦਾਤਾ ।
ਇਹ ਅਥਰੂ ਸਨ ਕਿ ਅੰਮ੍ਰਿਤ ਜ਼ਿੰਦਗੀ ਬਖਸ਼
ਅੰਦਰਲਾ ਪੰਘਰ ਕੇ ਮਿਲਿਆ ਪਾਣੀ ਅੰਦਰਲੇ ਨੂੰ,
ਤੇ ਜਿਊ ਪਿਆ ਅੰਦਰਲਾ ਮੁਰਦਾ, ਹਰਿਆ ਹੋਇਆ ਅੰਦਰਲਾ ਸੁੱਕਾ,
ਟਹਿਕਿਆ ਅੰਦਰਲਾ ਬੁੱਸਿਆ ਬੁੱਸਿਆ,
ਤੇ ਗੀਤ ਗਾਂਦਾ ਝੋਲੀ ਅੱਡ ਕੇ-
'ਦੇਹ ਦਾਤਾ, ਮੈਨੂੰ, ਡੁਲ੍ਹਦੇ, ਡਲ੍ਹਕਦੇ ਅਥਰੂ ।
ਰਹਿਣ ਸਦਾ ਮੇਰੀਆਂ ਅਧ-ਮੀਟੀਆਂ ਅੱਖਾਂ ਵਿਚ ਛਲਕਦੇ ਅਥਰੂ ।
ਦਿਲ ਵਿਚ, ਅੰਦਰਲੇ ਵਿਚ, ਉਛਲਦੇ ਰਹਿਣ ਸਦਾ ਇਹ ਅਥਰ ।
ਦੇਹ ਮੈਨੂੰ ਇਹਨਾਂ ਬੂੰਦਾਂ ਦੇ ਸਦਕਾ, ਸਿਦਕ, ਈਮਾਨ ਟੇਕ ਧੁਰ ਦੀ ।
ਭਰੀ ਰਹੇ ਝੋਲੀ ਮੇਰੀ ਸਦਾ, ਦਿਲ ਮੇਰਾ ਸਦਾ,
ਰੱਖਾਂ ਰਹਿਣ ਸਦਾ ਰੱਬ ਸੱਚੇ ਦੀਆਂ, ਸ਼ੁਕਰ ਸ਼ੁਕਰ ਕੂਕੇ,ਰਗ
ਰਗ ਮੇਰੀ, ਲੂੰ ਲੂੰ ਮੇਰਾ ।
ਗਿਰਨ ਅੱਥਰੂ ਮੇਰੇ ਕਿਰਨ ਕਿਰਨ, ਸਦਾ ਸਦਾ ।