ਮੈਂ ਰੱਬ ਦਾ ਬਣਿਆ ਸਾਂ,
ਪਰ ਫਿਰ, ਆਖਰ, ਰੱਬ ਮੇਰਾ ਸੀ-ਮੇਰਾ ਖਡੌਣਾ, ਮੇਰਾ ਰੋਝਾ,
ਮੇਰਾ ਸ਼ੁਗਲ,
ਤੇ ਮੈਂ ਰੱਬ ਦਾ ਰਾਖਾ ਸਾਂ-ਬੀਰ ਰਾਮ ਦਾ, ਪਾਸਬਾਨ ਅੱਲਾ ਦਾ ।
ਮੇਰੇ ਬਿਨਾਂ ਓਹਦੀ ਰਾਖੀ ਕੌਣ ਕਰੇ ?
ਮੈਂ ਨਾ ਹੋਵਾਂ-ਕਾਫ਼ਰ ਰੱਬ ਦਾ, ਰੱਬ ਦੀ ਰੱਬਤਾ ਦਾ, ਨਾਸ ਮਾਰ ਦੇਣ ।
ਮੈਂ ਰੱਬ ਦਾ ਹਾਫ਼ਿਜ਼, ਸੰਤ ਸਿਪਾਹੀ, ਧਰਮੀ ਯੋਧਾ, ਖ਼ੁਦਾਈ ਖਿਦਮਤਗਾਰ ।
ਮੇਰਾ ਧਰਮ, ਰੱਬ ਦੀ ਖਾਤਰ, ਈਮਾਨ ਦੀ ਖਾਤਰ, ਰੱਬ ਦੀ ਰਾਹ ਦੀ ਖਾਤਰ ।
ਲੜ ਮਰਨਾ, ਮਾਰ ਮਰਨਾ ਕਾਫ਼ਰਾਂ ਨੂੰ, ਨਾਸਤਕਾਂ ਨੂੰ, ਰੱਬ ਦੇ ਬਾਗ਼ੀਆਂ ਨੂੰ,
ਉਸ ਥੋਂ ਗੁਮਰਾਹਾਂ ਨੂੰ ।
ਕੋਈ ਰੱਬ ਦੀ ਕਿਤਾਬ ਨੂੰ ਫੂਕੇ, ਮੇਰੀ ਛੁਰੀ ਉਸ ਦੇ ਢਿੱਡ ਵਿਚ,
ਕੋਈ ਰੱਬ ਦੀ ਮੂਰਤੀ ਨੂੰ ਢਾਏ, ਮੇਰੀ ਤਲਵਾਰ ਉਸ ਦੀ ਗਰਦਨ ਤੇ,
ਕੋਈ ਰੱਬ ਦੀ ਇਬਾਦਤ-ਗਾਹ ਦੀ ਤੌਹੀਨ ਕਰੇ, ਮੇਰੇ ਪੱਥਰ ਵੱਟੇ
ਉਸ ਦੇ ਸਿਰ ਵਿੱਚ,
ਕੋਈ ਰੱਬ ਦੀ ਰੱਬਤਾ ਦੇ ਉਲਟ ਕੁਫ਼ਰ ਲਿਖੇ, ਮੇਰੀ ਸਾਰੀ ਤਾਕਤ,
ਝੂਠ, ਬਦ-ਦਿਆਨਤੀ, ਜਬਰ, ਉਸ ਦੇ ਉਲਟ ।
ਮੈਂ ਅਕਾਲ ਦਾ ਅਕਾਲੀ, ਰੱਬ ਦਾ ਰਾਖਾ, ਅੱਲਾ ਦਾ ਗਾਜ਼ੀ,
ਰਸੂਲ ਦਾ ਪਾਸਬਾਨ ।
ਮੇਰੇ ਹੁੰਦਿਆਂ ਮੇਰੇ ਰੱਬ ਵਲ ਕੌਣ ਉਂਗਲ ਕਰੇ ।