ਕੋਈ ਸੁੰਞ ਸੀ ਮੇਰੇ ਅੰਦਰ-ਇਕ ਖੱਪਾ, ਇਕ ਊਣ, ਕੋਈ ਥੋੜ੍ਹ,
ਇਕ ਖਲਾ, ਵਿਹਲ, ਟੋਙਨਾ, ਸੱਖਣਾਪਨ, ਇਕ ਇਕੱਲ ਜਿਹੀ ਕੁਝ,
ਇਕ ਅਪੂਰਣਤਾ, ਨਾ-ਮੁਕੰਮਲਤਾ,
ਮਸਾਣ ਇਕ, ਕੋਈ ਉਜਾੜ, ਖੋਲਾ ਸੀ ਮੇਰੇ ਅੰਦਰ,
ਉੱਜੜਿਆ ਆਲ੍ਹਣਾ ਜਿਵੇਂ ਹੋਵੇ ।
ਮੈਂ ਉਡਦੀ ਫਿਰਦੀ ਸੀ, ਹਵਾ ਦੇ ਘੋੜੇ ਤੇ ਅਸਵਾਰ,
ਪਾਗਲ ਹੋਈ ਫਿਰਦੀ, ਚਾਰ ਚੁਫੇਰੀਆਂ,
ਹਾੜੇ ਕਢਦੀ, ਤਰਲੇ ਲੈਂਦੀ, ਹੂੰਗਦੀ,
ਭੱਜੀ ਫਿਰਦੀ, ਘਰਕਦੀ, ਘਬਰਾਉਂਦੀ ।
ਤਲਾਸ਼ ਦੇ ਪਾਗਲ-ਪਨ ਦਾ ਕੋਈ ਯੁਮਨ ਸੀ ਮੇਰੇ ਅੰਦਰ,
ਇਕ ਤੀਖਣਤਾ, ਤੀਬਰਤਾ, ਉਮੰਗ ਸੀ ਮੇਰੇ ਵਿਚ,
ਇਕ ਸੱਖਣੇ-ਪਨ ਦੀ ਹਵਾ ਭਰੀ ਫਿਰਦੀ ਸੀ ਮੈਨੂੰ,
ਉਡਾਈ ਫਿਰਦੀ ਵਾਂਗ ਭਰੇ ਭੁਕਾਨੇ ।
ਮੈਂ ਲੋਚਦੀ ਸਾਂ ਆਬਾਦੀ ਆਪਣੇ ਅੰਦਰ ਦੀ,
ਢੂੰਡਦੀ ਸਾਂ ਗਵਾਚ ਗਿਆ ਅਪਣਾ ਆਪਾ,
ਜੋ ਮੇਰੀ ਪੂਰਣਤਾ ਹੋਵੇ, ਜਿਸ ਬਿਨ ਮੈਂ ਅਪੂਰਣ ਹੈ ਸਾਂ ।
ਮੈਂ ਮੰਗਦੀ ਸਾਂ ਇਕ ਭਰਪੂਰਤਾ, ਇਕ ਅਡੋਲ ਭਰਿਆ-ਪਨ,
ਤੇ ਉੱਡਦੀ ਫਿਰਦੀ ਸਾਂ, ਆਪਣੀ ਸੁੰਞ ਦੇ ਆਸਰੇ, ਬਿਨ ਭੁੱਖ
ਬਿਨ ਤ੍ਰੇਹ, ਹਵਾਵਾਂ ਤੋਂ ਤੇਜ਼, ਹਨੇਰੀਆਂ ਤੋਂ ਅੱਗੇ ।