ਪਰ ਨੀਂਦਰ ਰਹੀ ਨਾ ਸਦਾ, ਮੈਂ ਜਾਗੀ-ਖਾਲੀ, ਇਕੱਲੀ ।
ਉਫ਼ ! ਪੁਨੂੰ ਮੇਰੇ ਨੂੰ ਬਲੋਚ ਜ਼ਾਲਮ ਲੈ ਗਏ ਕਿਵੇਂ ?
ਉਫ਼ ! ਹੁਸਨ ਨਿਕਲ ਗਿਆ ਮੇਰੇ ਨਪੀੜਨੇ ਵਿਚੋਂ ਕਿਵੇਂ ?
ਖਿਸਕ ਗਿਆ ਕਿਵੇਂ, ਤਿਲਕ ਗਿਆ ਕਿਵੇਂ ?
ਮੈਨੂੰ ਫੰਡ ਗਿਆ, ਝੰਬ ਗਿਆ, ਤੋੜ ਗਿਆ ਲੱਕ ਮੇਰਾ ਜਿਵੇਂ ।
ਉਫ਼ ! ਛਲਾਵਾ ਸੀ ਹੁਸਨ ਲੋਪ ਹੋ ਗਿਆ ।
ਇਕੇ ਮੇਰੇ ਨਪੀੜਨੇ, ਮੇਰੀ ਭਿੱਟ ਨੇ ਮਾਰ ਵੰਜਾਇਆ ਹੁਸਨੇ ਨੂੰ,
ਮੈਲਾ ਕੀਤਾ, ਸੰਞਾਪੇ ਨਾ, ਉਡ ਗਿਆ ਜਾਪੇ,
ਮੈਂ ਰਹਿ ਗਈ ਪਿਛੇ ਸੱਖਣੀ, ਅੰਗ ਅੰਗ ਟੁਟਿਆ ਮੇਰਾ ।
ਮੈਂ ਢੱਠੀ ਮੂੰਹ ਦੇ ਭਾਰ, ਯੁਮਨ ਉਡ ਗਿਆ ਮੇਰਾ,
ਖਲੋ ਨਾ ਹੰਘਾਂ, ਟੁਰ ਨਾ ਹੰਘਾਂ,
ਪਈ ਰਹੀ ਖੰਭਾਂ ਖੁੱਥੇ ਪੰਛੀ ਵਾਂਗ,
ਆਲ੍ਹਣਿਓਂ ਡਿੱਗੇ ਬੋਟ ਵਾਂਗੂੰ ।
ਮੁੜ ਆਇਆ ਹੁਨਰ, ਕਿਰਤ ਆਈ, ਕਿਰਤੀ ਹੁਨਰ ਆਇਆ,
ਮੇਰੇ ਪੈਰ ਝੱਸੇ, ਤਲੀਆਂ ਝੱਸੀਆਂ, ਸਿਰ ਮੇਰਾ ਝੱਸਿਆ,
ਤੇ ਆਙਸ ਮੁੜੀ ਮੇਰੀ, ਹੋਸ਼ ਪਰਤੀ ।
'ਹੁਸਨ' ਕੋਈ ਛਲਾਵਾ ਸੀ, ਧੋਖਾ ਤੇ ਭੁਲੇਖਾ ਹੁਣ ਮੈਂ ਸਮਝੀ,
ਅਸਲੀ ਮੇਰਾ ਯਾਰ ਆਇਆ ਹੁਣ 'ਹੁਨਰ'
ਮੇਰੀ ਸੁੰਞ ਭਰਨ ਵਾਲਾ, ਮੇਰਾ ਸਾਥ ਨਿਭਾਣ ਵਾਲਾ, ਮੇਰੇ ਨਾਲ
ਇਕ ਹੋ ਜਾਣ ਵਾਲਾ ।