ਸਭ ਦੇ ਮੁੱਲ ਵੱਟੇ, ਢਿਡ ਭਰਿਆ, ਸਾਏ ਹੋਏ ਮਹਿਲਾਂ ਦੇ ਮੇਰੇ ਸਿਰ ਤੇ,
ਪਰ ਹੋ ਗਈ ਅੰਦਰੋਂ ਸੱਖਣੀ ਦੀ ਸੱਖਣੀ ਮੁੜ ਮੈਂ ।
ਹੁਨਰ ਉਠ ਗਿਆ, ਕਿਰਤ ਉਡ ਗਈ, ਇਕ ਫ਼ੱਨ ਰਹਿ ਗਿਆ ਬੱਸ,
ਰਹਿ ਗਈਆਂ ਕੌਡੀਆਂ, ਠੀਕਰੀਆਂ ਦੇ ਢੇਰ,
ਤੋਲ, ਤਕੜੀ ਤੇ ਪਾਸਕੂ,
ਤੇ ਢਿਡ ਦਾ ਝੁਲਕਾ,
ਮੈਂ ਸੱਖਣੀ ਹੋਈ ਭੂਕ ਅੰਦਰੋਂ, ਜਿੰਦ ਗਈ, ਰਹਿ ਗਈ ਲੋਥ ਦੀ ਲੋਥ,
ਆਇਆ ਮੋਈ ਦੀ ਮਦਦ ਨੂੰ ਹੁਣ ਧਰਮ ਤੇ ਮਜ਼੍ਹਬ,
ਮਰਦੀ ਕੀ ਨਾ ਕਰਦੀ, ਫੜ ਲਿਆ ਮੈਂ ਧਰਮ ਦਾ ਧਰੂਆ,
ਇਸ ਪਕੜ ਵਿਚ ਲਗਨ ਲੱਗੀ ਤੇ ਆਇਆ ਮੁੜ ਇਕ ਸਵਾਦ,
ਰੁੱਝੀ ਮੈਂ ਇਸ ਧਰਮ ਦੇ ਰੋਝੇ ਵਿਚ, ਤੇ ਭੁਲੀ ਅਪਣਾ ਸੱਖਣਾ-ਪਨ
ਤੇ ਸੱਖਣੇ-ਪਨ ਦੀਆਂ ਪੀੜਾਂ ।
ਕਦੀ ਪੂਜਾ ਵਿਚ ਪਾਗਲ ਹੋਈ, ਕਦੀ ਸੇਵਾ ਵਿਚ ਮਸਤ,
ਤੇ ਭੁੱਲੀ ਆਪਣੇ ਪਾਗਲ-ਪਨ ਤੇ ਮਸਤੀ ਵਿਚ ਅਪੂਰਣਤਾ ਸਾਰੀ ਮੈਂ,
ਤੇ ਗੁਆਚ ਗਈ ਕਿਸੇ ਪੂਰਣਤਾ ਵਿਚ,
ਇਉਂ ਜਾਪੇ ਜਿਵੇਂ ਪਾਗਲ-ਪਨ ਪੂਰਣਤਾ ਹੈ, ਮਸਤੀ ਮੁਕੰਮਲਤਾ ਹੈ,
ਸਿਆਣਪ ਊਣਤਾ ਹੈ, ਚਾਤਰੀ ਨਿਊਣਤਾ ।
ਕਈ ਵਾਰੀ ਉੱਡੀ ਮੈਂ,
ਗੁੱਡੀ ਮੇਰੀ ਉਤਾਂਹ ਚੜ੍ਹੀ ਤੇ ਜਾ ਠਹਿਕੀ ਕਿਧਰੇ ਅਰਸ਼ਾਂ ਦੀਆਂ ਉਚਿਆਈਆਂ ਨਾਲ ।