

ਮੈਂ ਵੇਖਿਆ, ਮੈਂ ਸਿਆਣਿਆ ਬੱਸ ਤੂੰ ਹੀ ਸੈਂ,
ਸਾਰੇ ਤੂੰ ਹੀ ਸੈਂ-
ਚੱਟੂ ਵਾਲੇ ਵੱਟੇ ਵਿਚ, ਠਾਕਰਾਂ ਦੇ ਟਿੱਟੇ ਵਿਚ,
ਮੰਦਰਾਂ ਦੇ ਬੁੱਤ ਵਿਚ, ਮਸਜਦਾਂ ਦੀ ਸੁੰਞ ਵਿਚ,
ਗ੍ਰੰਥਾਂ ਦੇ ਸ਼ਬਦਾਂ ਵਿਚ, ਕਿਤਾਬਾਂ ਦੇ ਵਰਕਾਂ ਵਿਚ,
ਭਗਤਾਂ ਦੀ ਭਗਤੀ ਵਿਚ, ਸ਼ਰਾਬੀਆਂ ਦੀ ਮਸਤੀ ਵਿਚ,
ਪੁੰਨੀਆਂ ਦੇ ਪੁੰਨ ਵਿਚ, ਪਾਪੀਆਂ ਦੇ ਪਾਪ ਵਿਚ,
ਬੱਕਰੇ ਦੀ ਜਾਨ ਵਿਚ, ਕਸਾਈ ਦੀ ਛੁਰੀ ਵਿਚ,
ਦੁਖੀਆਂ ਦੇ ਦੁੱਖ ਵਿਚ, ਸੁਖੀਆਂ ਦੀ ਸੁਖ ਵਿਚ,
ਰੋਗੀਆਂ ਦੇ ਰੋਗ ਵਿਚ, ਭੋਗੀਆਂ ਦੇ ਭੋਗ ਵਿਚ,
ਮੂਰਤਾਂ ਬਣਾਈਆਂ ਵਿਚ, ਰਾਗ ਕਵਿਤਾ ਗਾਈਆਂ ਵਿਚ,
ਕੋੜ੍ਹਿਆਂ ਦੇ ਕੋੜ੍ਹ ਵਿਚ, ਸੁੰਦਰਾਂ ਦੇ ਸੁਹਜ ਵਿਚ,
ਭਿਖਾਰੀਆਂ ਦੀ ਭਿਖ ਵਿਚ, ਦਾਤਿਆਂ ਦੇ ਦਾਨ ਵਿਚ,
ਮੋਮਨਾਂ ਦੀ ਮੋਮ ਵਿਚ, ਕਾਫ਼ਰਾਂ ਦੇ ਕੁਫ਼ਰ ਵਿਚ ।
ਤਲਾਸ਼ ਬੇ-ਸੂਦ ਹੈ, ਢੂੰਡ ਬੇ-ਫ਼ੈਜ਼,
ਮੰਦਰ ਸੱਖਣੇ ਹਨ, ਮਸਜਦਾਂ ਖਾਲੀ,
ਅੰਦਰ ਸੱਖਣਾ, ਸਭ ਕੁਝ ਸੱਖਣਾ,
ਅੰਦਰ ਭਰਿਆ, ਸਭ ਕੁਝ ਭਰਿਆ,
ਅੰਦਰ ਮੇਰਾ ਖਾਲੀ, ਤੂੰ ਹੈਂ ਨਹੀਂ,
ਅੰਦਰ ਮੇਰੇ ਤੂੰ, ਤੂੰ ਸਭ ਥਾਂ,
ਤੂੰ ਸਭ ਦਾ ਕਮਾਲ ਹੈਂ, ਮੈਂ ਤੇਰਾ ਕਮਾਲ ।
ਲੱਭਣਾ ਕਿਹਾ ? ਤੂੰ ਜਦ ਹੈਂ ।
ਮਿਲਣਾ ਕਿਹਾ ? ਤੂੰ ਜੇ ਨਹੀਂ ।
ਤਲਾਸ਼ ਕੇਹੀ ? ਤਲਾਸ਼ ਦਾ ਪੂਰਣਾ ਕਿਹਾ ?
ਗੁੰਮ ਹੋ ਜਾਣਾ-ਬਿਨਾਂ ਗੁੰਮ ਹੋਣ ਦੀ ਖਾਹਸ਼ ਦੇ-
ਮੇਰੇ ਵਿਚ ਤੇਰੇ ਵਿਚ-ਬੱਸ ਪਾਣਾ ਹੈ ।