ਮੈਂ ਇਕ ਰਾਹੀ ਹਾਂ,
ਥੱਕਾ ਟੁੱਟਾ, ਮਜਲਾਂ ਮਾਰਿਆ ।
ਕਿਤੋਂ ਨਾ ਟੁਰਿਆ, ਕਿਤੇ ਨਾ ਪੁੱਜਾ, ਕਿਤੇ ਨਾ ਪੁੱਜਣਾ,
ਅਮੁਕ ਮੇਰਾ ਪੈਂਡਾ, ਅਖੁਟ ਮੇਰਾ ਰਾਹ, ਅਪੁਜ ਮੇਰੀ ਮਜਲ,
ਟੁਰਨ ਲਈ ਬਣਿਆ ਮੈਂ, ਟੁਰਨਾ ਲਿਖਿਆ ਮੇਰੇ ਲੇਖ ।
ਉਜਾੜ, ਉਦਿਆਨ, ਬੀਆਬਾਨ, ਇਸ ਵਿਚ ਰਾਹ ਮੇਰਾ,
ਸਰਾਂ ਨਾ, ਸਾਯਾ ਨਾ, ਸਿਰ ਲੁਕਾਣ ਲਈ,
ਸਰ ਨਾ, ਖੂਹ ਨਾ, ਪਿਆਸ ਬੁਝਾਉਣ ਲਈ ।
ਨਾ ਛੱਪੜ, ਨਾ ਤਲਾ, ਬੁਕ ਪਾਣੀ ਪਿੰਡੇ ਪਾਉਣ ਲਈ ।
ਹੁੰਮਸ ਹੈ ਹੁੱਟ, ਹਵਾ ਦਾ ਰੁਮਕਾ ਨਹੀਂ ਕਿਧਰੇ ।
ਖਿੜਿਆ ਦਿੱਸੇ ਨਾ ਫੁੱਲ ਕਿਧਰੇ, ਨਾ ਸਾਵਾ ਪੱਤਰ,
ਹਰਿਆ ਰਿਹਾ ਨਾ ਬੂਟ ਕੋਈ, ਨਾ ਘਾ ਦਾ ਫਲੂਸ ਕਿਧਰੇ,
ਧਰਤੀ ਸੜ ਸੜ ਫੱਟਦੀ, ਉਠ ਉਠ ਚੜ੍ਹਦੇ, ਵਾ-ਵਰੋਲੇ ਘੱਟੇ ਦੇ ।
ਸੂਰਜ ਤਪਦਾ ਸਦ ਸਿਖਰੇ, ਨਾ ਬਦਲੀ ਦਾ ਉਹਲਾ ਰਤਾ ਹੁੰਦਾ ਕਦੀ,
ਅਕਾਸ਼ ਦਾ ਸੁੰਦਰ ਨੀਲਾਨ ਸੜ ਸੜ ਪੈ ਗਿਆ ਭੂਰਾ,
ਬੂੰਦ ਕੋਈ ਵਰ੍ਹਦੀ ਨਾ ਇਸ ਸੁੱਕੇ ਅੰਬਰੋਂ ਕਦੀ,
ਭੱਠ ਤੱਪਦੇ, ਧੁੰਧ ਹੋਈ ਸਾਰੇ ਧਰਤੀ ਦੀ ਹਵਾੜ ਨਾਲ,
ਇਕ ਕੁਰਲਾਟ ਮਚਿਆ, ਕੂਕਾਂ ਪੈਂਦੀਆਂ ਜੀਆਂ ਦੀਆਂ ।
ਇਸ ਹੁੰਮਸ ਵਿੱਚ ਟੁਰਿਆ ਜਾਂਦਾ, ਮੈਂ ਇਕ ਰਾਹੀ ਹਾਂ,
ਹਫਿਆ ਹੁਟਿਆ ਸਾਹ ਘੁਟਿਆ ਮੇਰਾ ।