

ਮੈਂ ਇਕ ਚਿੜੀ ਹਾਂ, ਨਿੱਕੀ ਜਿਹੀ, ਨਾਜ਼ਕ, ਨਿਤਾਣੀ,
ਨਿੱਕੀ ਜਿਹੀ ਜਾਨ ਮੇਰੀ, ਨਿੱਕੀ ਜਿਹੀ ਮਿੱਤ, ਨਿੱਕਾ ਜਿਹਾ ਵਿੱਤ,
ਨਾ ਕੋਈ ਕੰਮ ਮੇਰੇ ਕੋਲੋਂ ਪੁੱਗਦਾ,
ਨਾ ਕੋਈ ਕਾਜ ਮੇਰੇ ਬਿਨ ਥੁੜਦਾ,
ਮੈਂ ਇਕ ਚਿੜੀ ਹਾਂ !
ਇਸ ਰਾਹ ਦਾ ਇਹ ਰੁਖ, ਸਦਾ ਦਾ ਬਸ ਮੇਰਾ ਸਾਥੀ,
ਸਭ ਟੁੰਡ ਟਹਿਣੀਆਂ ਇਸ ਦੀਆਂ, ਮੇਰਾ ਬਸ ਆਸਰਾ,
ਇਸ ਨੂੰ ਮੇਰਾ ਭਾਰ ਨਾ ਲੱਗਦਾ,
ਨਾ ਇਹ ਮੇਰੀ ਹੋਂਦ ਕੋਲੋਂ ਅੱਕਦਾ,
ਮੈਂ ਇਕ ਚਿੜੀ ਹਾਂ !
ਉੱਡਣਾ ਹਵਾਵਾਂ ਵਿਚ, ਗਾਣਾ ਗਗਨਾਂ ਵਿਚ ।
ਇਹ ਕੰਮ ਮੇਰਾ ।
ਕੋਈ ਕੰਨ ਗੀਤ ਮੇਰੇ ਸੁਣਦਾ ਕਿ ਨਾ ?
ਮੈਂ ਸੁਣਾਨ ਨੂੰ ਨਾ ਗਾਂਦੀ ।
ਕੋਈ ਅੱਖ ਮੇਰੀ ਉਡਾਰੀ ਤੱਕਦੀ ਕਿ ਨਾ ?
ਮੈਂ ਵਿਖਾਣ ਨੂੰ ਨਾ ਉਡਦੀ ।
ਮੈਂ ਇਕ ਚਿੜੀ ਹਾਂ !
ਕਦੀ ਕਦੀ ਕੋਈ ਰਾਹੀ ਗੀਤ ਮੇਰਾ ਆਣ ਸੁਣਦਾ,
ਤੇ ਉਡਾਰੀ ਮੇਰੀ ਵੇਖ ਖੁਸ਼ ਹੋਂਦਾ,
ਇਹ ਮੇਰੇ ਭਾਗ, ਨਾਲੇ ਉਸ ਦੇ,
ਰੂਹਾਂ ਦੇ ਮੇਲ ਸੋਹਣੇ ਲਗਦੇ ਮੈਨੂੰ,
ਮੈਂ ਇਕ ਚਿੜੀ ਹਾਂ !