

ਤੇਲੀ ਬੈਠਾ ਨੁੱਕਰੇ ਇਕ, ਹੁੱਕਾ ਗੁੜ ਗੁੜ ਕਰਦਾ,
ਹਿਲਾਂਦਾ ਫਰਾਹ ਨਾਲ ਕੋਹਲੂ ਵਿਚਲੇ ਦਾਣੇ ਕਦੀ,
ਕੁੱਛੜ ਚੁਕਦਾ, ਨਲੀ ਵਗਦੇ ਰੋਂਦੂ ਮੁੰਡੇ ਨੂੰ ਕਦੀ,
ਕਦੀ ਵਾਜ ਮਾਰਦਾ ਤੇਲਣ ਨੂੰ, *ਮੁੰਡਾ ਲੈ ਜਾ ਆ ਕੇ, *
ਕਦੀ ਸਿਧਾ ਕਰਦਾ ਭਾਂਡੇ ਨੂੰ, ਭਰਨ ਉਤੇ ਆਇਆ ਜੋ,
ਕਦੀ ਮਾਰਦਾ ਸੋਟਾ, ਸੁਸਤ ਟੁਰਦੇ ਇਸ ਕੰਨ੍ਹ ਲੱਗੇ ਢੱਗੇ ਨੂੰ ।
ਤੇਲਣ ਬੈਠੀ ਅੰਦਰ, ਝਲਾਣੀ ਅੰਦਰ,
ਥਿੰਧੇ ਕਪੜੇ, ਥਿੰਧਾ ਮੂੰਹ, ਤਿਲਕਣੀ ਤੇਲਣ,
ਤਿਲਕ ਤਿਲਕ ਡਿਗਦੇ, ਤਿਲਕਣ ਬਾਜ਼ੀ, ਪਿੰਡ ਦੇ ਗਭਰੂ ਇਸ
ਦੇ ਰਾਹ ਉਤੇ,
ਪ੍ਰੌਠੇ ਪਕਾਂਦੀ ਤੇਲ ਦੇ ਚੋਂਦੇ ਚੋਂਦੇ,
ਗੋਦੇ ਪਾ ਇਕ ਮੁੰਡਾ,
ਦੁਧ ਚੁੰਘਦਾ ਜੋ ।
ਇਹ ਕੋਹਲੂ ਨਿਤ ਨਿਤ ਚਲਦਾ,
ਇਹ ਢੱਗਾ ਨਿਤ ਨਿਤ ਵਗਦਾ,
ਇਹ ਤੇਲੀ ਨਿਤ ਨਿਤ ਖਪਦਾ,
ਤੇ ਤੇਲਣ ਨਿਤ ਪਕਾਂਦੀ-
ਇਹ ਇਨ੍ਹਾਂ ਦੀ ਕਾਰ ਹੈ,
ਇਹ ਇਨ੍ਹਾਂ ਦਾ ਜੀਵਨ ਹੈ ।