

ਸੂਰਜ ਨਸ਼ਟ ਕਰ ਦਿਤਾ ਗਿਆ,
ਚੰਨ ਭਸਮ,
ਤਾਰੇ ਤੋੜ ਦਿਤੇ ਗਏ,
ਇਕ ਇਕ ਕਰ ਕੇ ਸਭ ।
ਹਨੇਰਾ ਹੈ, ਬਸ ਹਨੇਰਾ-ਕਾਲਾ, ਤਾਰੀਕ, ਘੁੱਪ;
ਘਟਾਂ ਦੀਆਂ ਘਟਾਂ ਚੜ੍ਹੀਆਂ ਹਨ, ਕਾਲਖ ਦੀਆਂ,
ਤਾਰੀਕੀ ਹੈ, ਹਨੇਰੀ, ਵਾਵਿਰੋਲੇ, ਝੱਖੜ ਝਾਂਝਾ ਤੇ ਧੁੰਧ,
ਗਰਜ, ਕੜਕ, ਹੁੰਮਸ, ਵਾਹੋ-ਦਾਹੀ, ਆਪਾ-ਧਾਪੀ, ਅਬਤਰੀ
ਤੱਤਾਂ ਦੀ ਲੜਾਈ,
ਜਿਵੇਂ ਭੂਤ-ਖਾਨੇ ਖੋਲ੍ਹ ਦਿਤੇ ਗਏ ਹਨ ਸਭ,
ਤੇ ਕਰੋੜਾਂ ਭੂਤ-ਰਾਖ਼ਸ਼ ਖੁਲ੍ਹੇ ਹਨ, ਖਰੂਦ ਕਰਨ ਲਈ ।
ਦਰਖਤ ਹਵਾ ਵਿਚ ਉਡਾਏ ਜਾ ਰਹੇ ਹਨ, ਜੜ੍ਹਾਂ ਸਮੇਤ,
ਪਹਾੜ ਉਛਾਲੇ ਜਾ ਰਹੇ ਹਨ ਉਤਾਂਹ ਨੂੰ, ਵਾਂਗਰ ਗਾਜਰਾਂ,
ਕੋਹ ਕਾਲੇ ਉਠ ਰਹੇ ਹਨ, ਲਹਿਰਾਂ ਦੇ, ਸਮੁੰਦਰਾਂ ਵਿਚੋਂ,
ਅਸਮਾਨ ਹੜੱਪ ਕਰਨ ਲਈ ।
ਬਿੱਜਲੀ-ਕੂੰਦ ਵਿਚ ਕੀਹ ਦਿਸਦਾ ਹੈ ?-
ਮੌਤ । ਕਾਲੀ, ਨਿਡਰ, ਰਹਿਮ ਰਹਿਤ, ਖੌਫ਼ਨਾਕ -
ਹਜ਼ਾਰਾਂ ਮੂੰਹ ਟੱਡੀ, ਜੀਭਾਂ ਕੱਢੀ, ਖੂਨ ਗਲਤਾਨ,
ਐਧਰ ਓਧਰ ਲੜਖੜਾਂਦੀ, ਤਬਾਹੀ ਬਰਸਦੀ ।