ਇਹ ਰਾਹ ਹੋਇਆ ਮੇਰੇ ਲਈ ਤੇ ਮੈਂ ਇਸ ਰਾਹ ਲਈ,
ਇਹ ਅਮੁਕ ਰਾਹ ਹੈ ਮੇਰਾ, ਮੈਂ ਰਾਹੀ ਇਸ ਰਾਹ ਦਾ ।
ਬਹੁਤ ਰੱਬ ਮੈਂ ਮੰਨੇ, ਬਹੁਤ ਪੂਜਾ ਮੈਂ ਕੀਤੀਆਂ,
ਬਹੁਤ ਤਪ ਮੈਂ ਸਾਧੇ, ਬਹੁਤ ਮੱਨਤਾਂ ਮੈਂ ਮੰਨੀਆਂ,
ਬਹੁਤ ਗ੍ਰੰਥ ਮੈਂ ਪੜ੍ਹੇ, ਬਹੁਤ ਗਿਆਨ ਮੈਂ ਘੋਖੇ,
ਬਹੁਤ ਗੁਰੂ ਮੈਂ ਕੀਤੇ, ਬਹੁਤ ਚੇਲੇ ਮੈਂ ਮੁੰਨੇ,
ਮੁਸ਼ੱਕਤਾਂ ਬਹੁਤ ਕੀਤੀਆਂ ਮੈਂ, ਸੋਚਾਂ ਬਹੁਤ ਸੋਚੀਆਂ,
ਭਗਤ ਬੜੀ ਕੀਤੀ ਮੈਂ, ਸਮਾਧੀਆਂ ਲਗਾਈਆਂ,
ਮੁੱਕਾ ਨਾ ਮੇਰਾ ਪੈਂਡਾ, ਮਿਲਿਆ ਨਾ ਕੋਈ ਟਿਕਾਣਾ, ਮੈਂ ਬੇ-ਟਿਕਾਣੇ ਨੂੰ ।
ਨਿਰਜਨ ਜੰਗਲਾਂ ਵਿੱਚ ਨੱਸ ਗਿਆ ਮੈਂ, ਆਬਾਦੀਆਂ ਛੱਡ ਕੇ,
ਸ਼ਾਂਤੀ ਨਾ ਮਿਲੀ ਮੈਨੂੰ, ਰੋਸਾ ਤੇ ਕ੍ਰੋਧ ਵਧੇ,
ਕੁਦਰਤ ਸੋਹਣੀ ਕੋਝੀ ਤੱਕੀ ਮੈਂ, ਤੇ ਮਸਤਿਆ ਕਦੀ ਕਦੀ,
ਮਿਲਿਆ ਨਾ ਅਖੰਡ ਅਨੰਦ ਕਦੀ ਮੈਨੂੰ ।
ਯੋਗ ਮੈਂ ਸਾਧੇ, ਚਿੱਲੇ ਮੈਂ ਕੱਟੇ,
ਜਾਗੇ ਮੈਂ ਜਾਗੇ, ਵਰਤ ਮੈਂ ਰੱਖੇ,
ਪੁਰਿਆ ਨਾ ਮਕਸਦ ਮੇਰਾ, ਮਿਲਿਆ ਨਾ ਕੁਝ ਮੈਨੂੰ,
ਖਾਹਸਾਂ ਮੈਂ ਰੌਂਦੀਆਂ, ਮਨ ਮੈਂ ਮਾਰਿਆ,
ਨੇਕੀਆਂ ਮੈਂ ਕੀਤੀਆਂ, ਪਵਿੱਤ੍ਰਤਾ ਮੈਂ ਰੱਖੀ,
ਸੌਖਾ ਨਾ ਹੋਇਆ ਪੰਧ ਮੇਰਾ, ਨਾ ਨੇੜੇ ਹੋਈ ਮਜਲ ਮੇਰੀ ।
ਪਿਆਰ ਮੈਂ ਪਾਏ, ਨਸ਼ੇ ਮੈਂ ਪੀਤੇ,
ਮਸਤ ਮੈਂ ਹੋਇਆ, ਭਗਤੀ ਦੇ ਮਦ ਨਾਲ,
ਦਰਸ਼ਨ ਮੈਨੂੰ ਹੋਏ ਮੰਦਰਾਂ ਦੇ ਰੱਬ ਦੇ,
ਮੱਦਦ ਮੈਨੂੰ ਨਾ ਮਿਲੀ, ਜ਼ਖਮ ਮੇਰੇ ਨਾ ਭਰੇ, ਹਾਏ !
ਚਾਨਣ ਮੈਂ ਵੇਖੇ ਮੰਦਰਾਂ ਦੀ ਰੌਸ਼ਨੀ ਦੇ,
ਰਿਹਾ ਹਨੇਰਾ ਸਦਾ ਮੇਰੇ ਅੰਦਰ, ਦਿਸਿਆ ਨਾ ਮੈਨੂੰ ਕਦੀ ਕੁਝ ਠੀਕ,
ਉਹੋ ਮੇਰਾ ਰਾਹ, ਉਹੋ ਮੈਂ ਥੱਕਿਆ ਟੁਟਿਆ ਪਾਂਧੀ,
ਉਹੋ ਮਜਲ ਮੇਰੀ ਅਪੁਜ, ਉਹੋ ਬੀਆਬਾਨ ਆਲੇ ਦੁਆਲੇ ।