ਅਜੇ ਵੀ ਸਾਰਾ ਕੁਝ ਸਾਂਝਾ ਹੀ ਸੀ ਭਾਵੇਂ ਕਬੀਲੇ ਦੇ ਸਰਦਾਰ ਤੇ ਉਸਦੇ ਨੇੜਲੇ ਆਦਮੀ ਅਤੇ ਪੁਜਾਰੀ ਆਦਮੀ ਆਪਣਾ ਹਿੱਸਾ ਵੱਡਾ ਕਰਨ ਦੀ ਕੋਸ਼ਿਸ਼ ਕਰਦੇ। ਸਰਦਾਰ ਅਜੇ ਰਾਜਸੱਤ੍ਹਾ ਦਾ ਰੂਪ ਨਹੀਂ ਸੀ, ਉਹ ਕਬੀਲੇ ਤੋਂ ਉੱਪਰ ਬੈਠੀ ਕੋਈ ਸ਼ੈਅ ਨਹੀਂ ਸੀ ਸਗੋਂ ਉਹ ਕਬੀਲੇ ਦਾ ਹੀ ਇੱਕ ਮੈਂਬਰ ਸੀ। ਪਰ ਕਬੀਲੇ ਦੇ ਮੈਂਬਰਾਂ 'ਚ ਆਰਥਕ ਤੇ ਸਮਾਜਿਕ ਨਾ- ਬਰਾਬਰੀ ਪੈਦਾ ਹੋ ਚੁੱਕੀ ਸੀ । ਇਸਤੋਂ ਅੱਗੇ ਵਧ ਕੇ ਮਨੁੱਖਾਂ ਦੀ ਅਬਾਦੀ ਵਧਣ ਕਾਰਨ ਤੇ ਕਈ ਕਬਾਇਲੀ ਪਿੰਡਾਂ ਦੇ ਰਲੇਵੇਂ ਨਾਲ ਨਗਰਾਂ ਦਾ ਤੇ ਫਿਰ ਸ਼ਹਿਰਾਂ ਦਾ ਉਦੈ ਹੋਇਆ ਅਤੇ ਕਬੀਲਿਆਂ ਦੇ ਸਰਦਾਰਾਂ ਤੇ ਉਹਨਾਂ ਦੇ ਨੇੜਲੇ ਲੋਕਾਂ ਦੀ ਇੱਕ ਅਮੀਰ ਜਮਾਤ ਹੋਂਦ 'ਚ ਆਉਣ ਲੱਗੀ। ਉਹ ਆਪਣੇ ਹੀ ਕਬੀਲੇ ਦੇ ਕੰਗਾਲ ਹੋ ਚੁੱਕੇ ਆਦਮੀਆਂ ਨੂੰ ਜਾਂ ਦੂਸਰੇ ਕਬੀਲਿਆਂ ਦੇ ਕੈਦ ਕੀਤੇ ਆਦਮੀਆਂ ਨੂੰ ਗੁਲਾਮਾਂ ਦੇ ਤੌਰ 'ਤੇ ਇਸਤੇਮਾਲ ਕਰਨ ਲੱਗੇ, ਇਸ ਤਰ੍ਹਾਂ ਪਹਿਲੇ ਜਮਾਤੀ ਸਮਾਜ ਗੁਲਾਮਦਾਰੀ ਸਮਾਜ ਦਾ ਮੁੱਢ ਬੱਝਿਆ। ਫਿਰ ਸਮਾਜਿਕ ਵਿਕਾਸ ਦੇ ਪੜਾਅ ਤੈਅ ਕਰਦਾ ਹੋਇਆ ਮਨੁੱਖੀ ਸਮਾਜ ਗੁਲਾਮਦਾਰੀ 'ਚੋਂ ਨਿਕਲ ਕੇ ਜਗੀਰਦਾਰੀ ਸਮਾਜ ਵਿੱਚ ਤੇ ਫਿਰ ਸਰਮਾਏਦਾਰਾ ਸਮਾਜ ਪਹੁੰਚਿਆ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਮਨੁੱਖੀ ਸਮਾਜ 'ਚ ਆਉਂਦੇ ਤੇ ਆ ਚੁੱਕੇ ਇਹਨਾਂ ਬਦਲਾਵਾਂ ਪਿੱਛੇ ਕਿਹੜੀਆਂ ਚਾਲਕ ਸ਼ਕਤੀਆਂ ਹਨ ਜਿਹਨਾਂ ਦੀ ਬਦੌਲਤ ਮਨੁੱਖੀ ਸਮਾਜ ਲਗਾਤਾਰ ਵਿਕਾਸ ਦੇ ਉਚੇਰੇ ਪੱਧਰ 'ਚ ਤਬਦੀਲ ਹੁੰਦਾ ਗਿਆ ਅਤੇ ਇਹ ਚਾਲਕ ਸ਼ਕਤੀਆਂ ਕਿਹੜੇ ਨਿਯਮਾਂ ਅਧੀਨ ਕੰਮ ਕਰਦੀਆਂ ਹਨ ? ਨਾਲ ਹੀ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਮਨੁੱਖੀ ਸਮਾਜ ਦੀ ਭਵਿੱਖ ਦੀ ਦਿਸ਼ਾ ਕੀ ਹੋ ਸਕਦੀ ਹੈ ? ਇਸ ਨਾਲ ਇੱਕ ਤਾਂ ਸਾਡੀ ਮਨੁੱਖੀ ਸਮਾਜ ਦੀ ਸਮਝ ਹੋਰ ਵਿਕਸਤ ਹੋਵੇਗੀ, ਦੂਜਾ ਜਦੋਂ ਸਾਨੂੰ ਇਹਨਾਂ ਸ਼ਕਤੀਆਂ ਤੇ ਨਿਯਮਾਂ ਦਾ ਪਤਾ ਹੋਵੇਗਾ ਤਾਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਹੋਏ ਆਪਣੇ ਸਮਾਜ ਨੂੰ ਸਚੇਤ ਰੂਪ 'ਚ ਅਗਲੇਰੇ ਪੜਾਅ 'ਤੇ ਲੈ ਜਾ ਸਕਣ ਦੇ ਸਮਰੱਥ ਹੋਵਾਂਗੇ।
ਇਹਨਾਂ ਸਵਾਲਾਂ ਦਾ ਜਵਾਬ 19ਵੀਂ ਸਦੀ ਮਹਾਨ ਜਰਮਨ ਦਾਰਸ਼ਨਿਕ ਤੇ ਵਿਗਿਆਨੀ ਕਾਰਲ ਮਾਰਕਸ ਨੇ ਦਿੱਤਾ। ਉਹਨਾਂ ਨੇ ਮਨੁੱਖੀ ਇਤਿਹਾਸ ਦੇ ਵਿਕਾਸ ਪਿੱਛੇ ਕੰਮ ਕਰਦੀਆਂ ਚਾਲਕ ਸ਼ਕਤੀਆਂ ਤੇ ਨਿਯਮਾਂ ਨੂੰ ਖੋਜਿਆ ਤੇ ਮਨੁੱਖੀ ਇਤਿਹਾਸ ਨੂੰ ਤਰਤੀਬਬੱਧ ਰੂਪ ਦਿੱਤਾ। ਇਸ ਤੋਂ ਪਹਿਲਾਂ ਮਨੁੱਖੀ ਇਤਿਹਾਸ ਬਸ ਦੇਵਨੀਤ ਹੁੰਦੀਆਂ ਘਟਨਾਵਾਂ ਦਾ ਇੱਕ ਸਮੂਹ ਪ੍ਰਤੀਤ ਹੁੰਦਾ ਸੀ ਜਾਂ ਇਸ ਪਿੱਛੇ ਕਿਸੇ ਰੱਬੀ, ਰਹੱਸਮਈ ਸ਼ਕਤੀ ਦਾ ਹੱਥ ਦਿਖਾਈ ਦਿੰਦਾ ਸੀ । ਮਾਰਕਸ ਦੀ ਮਨੁੱਖਤਾ ਨੂੰ ਇਹ ਮਹਾਨ ਦੇਣ ਹੈ, ਉਹਨਾਂ ਨੇ ਆਪਣੀ ਇਸ ਖੋਜ ਨੂੰ ਇਤਿਹਾਸਕ ਪਦਾਰਥਵਾਦ ਦਾ ਨਾਮ ਦਿੱਤਾ। ਉਹਨਾਂ ਦੇ ਮਿੱਤਰ ਏਂਗਲਜ਼ ਨੇ ਵੀ "ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ" ਨਾਂ ਦੀ ਕਿਤਾਬ ਤੇ"ਬਾਂਦਰ ਤੋਂ ਮਨੁੱਖ ਤੱਕ ਵਿਕਾਸ 'ਚ ਕਿਰਤ ਵੱਲੋਂ ਪਾਇਆ ਹਿੱਸਾ" ਨਾਂ ਦੇ ਲੇਖ ਰਾਹੀਂ ਉਹਨਾਂ ਦੀ ਇਸ ਖੋਜ