110. ਚੁ ਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨੱਦ॥
ਅਗਰ ਦੁਸ਼ਮਨੀ ਰਾ ਬਸਦ ਤਨ ਕੁਨੱਦ॥
ਜਿਸ ਦਾ ਰੱਬ ਮਿੱਤ੍ਰ ਹੋਵੇ ਦੁਸ਼ਮਨ ਉਹਦਾ ਕੀ ਕਰ ਸਕਦਾ ਹੈ, ਚਾਹੋ (ਉਹ) ਇਕ ਦੀ ਥਾਂ ਸੌ ਬਣ ਕੇ ਦੁਸ਼ਮਨੀ ਪਿਆ ਕਰੇ।
111. ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰੱਦ॥
ਨ ਯਕ ਮੂਏ ਓਰਾ ਆਜ਼ਾਰ ਆਵੁਰੱਦ॥
ਵੈਰੀ ਚਾਹੇ ਹਜ਼ਾਰ ਦੁਸ਼ਮਨੀ ਪਿਆ ਕਰੇ ਉਹ (ਜਿਸ ਨਾਲ ਦੁਸ਼ਮਨੀ ਕਰ ਰਿਹਾ ਹੈ) ਉਸ ਦੇ ਇਕ ਵਾਲ ਨੂੰ ਨਹੀਂ ਦੁਖਾ ਸਕਦਾ।
8.
ਇਹ ਖ਼ਤ ਜਦ ਤਿਆਰ ਹੋਇਆ ਤਾਂ ਸਾਹਿਬਾਂ ਨੇ ਭਾਈ ਦਇਆ ਸਿੰਘ ਪਿਆਰੇ ਨੂੰ ਇਸਦਾ ਕਾਸਦ ਬਣਾ ਕੇ ਦੱਖਣ ਨੂੰ ਘੱਲਿਆ ਕਿ ਔਰੰਗਜ਼ੇਬ ਨੂੰ ਆਪ ਪਹੁੰਚਾਵੇ। ਸ੍ਰੀ ਦਇਆ ਸਿੰਘ ਜੀ ਦੇ ਨਾਲ ਧਰਮ ਸਿੰਘ ਜੀ ਨੂੰ ਘੱਲਿਆ। ਇਹ ਦੁਇ ਨੀਲੇ ਕਪੜੇ ਪਹਿਨ ਕੇ ਰਵਾਨਾ ਹੋ ਗਏ। ਪਹਿਲਾਂ ਦਿੱਲੀ ਆਏ, ਸੰਗਤ ਨੂੰ ਮਿਲ ਗਿਲ ਕੇ ਫੇਰ ਰਵਾਨਾ ਹੋ ਕੇ ਆਗਰੇ ਆਏ, ਆਗਰੇ ਤੋਂ ਚੱਲ ਕੇ ਚੰਬਲ ਪਾਰ ਹੋਏ ਤੇ ਫੇਰ ਨਰਵਰ ਸਰੋਜ ਤੇ ਉਜੈਨ ਹੁੰਦੇ ਹੋਏ ਨਰਬਦਾ ਨਦੀ ਤੋਂ ਪਾਰ ਹੋਏ ਤੇ ਸ਼ੇਰ ਗੜ੍ਹ ਹੁੰਦੇ ਹੋਏ ਬੁਰਹਾਨ ਪੁਰ ਜਾ ਪਹੁੰਚੇ। ਇਥੇ ਬੀ ਗੁਰ ਸਿੱਖ ਬਹੁਤ ਸੇ। ਉੱਥੇ ਕੁਛ ਆਰਾਮ ਕਰਕੇ ਔਰੰਗਾਬਾਦ ਗਏ ਤੇ ਫੇਰ ਅਹਿਮਦ ਨਗਰ ਜਾ ਪਹੁੰਚੇ। ਇੱਥੇ ਜੇਠਾ ਸਿੰਘ ਨਾਮੇ ਗੁਰੂ ਕਾ ਸਿੰਘ ਰਹਿੰਦਾ ਸੀ। ਉਸ ਨੇ ਬੜੇ ਆਦਰ ਨਾਲ ਆਪਣੇ ਪਾਸ ਉਤਾਰਿਆ। ਫੇਰ ਉਦਾਲੇ ਪੁਦਾਲੇ ਦੀ ਸੰਗਤ ਕੱਠੀ ਹੋਈ ਤੇ ਚਾਰਿਆਂ ਦਾ ਆਦਰ ਸਨਮਾਨ ਕੀਤਾ। ਵਿਚਾਰ ਹੋ ਕੇ ਬਿਧਾ ਸੋਚਣ ਲੱਗੇ ਕਿ ਪਾਤਸ਼ਾਹ ਦਾ ਮੇਲ ਕੀਕੂੰ ਹੋਵੇ ਕਿਉਂਕਿ ਦਇਆ ਸਿੰਘ ਜੀ ਨੇ ਪਤ੍ਰ ਲੈ ਕੇ ਆਪਣੇ ਹਥੀਂ ਪਾਤਸ਼ਾਹ ਨੂੰ ਦੇਣਾ ਸੀ ਤੇ ਕਿਸੇ ਦੇ ਹੱਥੀਂ ਘੱਲਣੇ ਦਾ ਵਿਸਾਹ ਨਹੀਂ ਸੀ ਕਰਨਾ। ਪਾਤਸ਼ਾਹ ਤਕ ਸਿੱਧੀ ਕਿਸੇ ਦੀ ਐਸੀ ਪਹੁੰਚ ਨਹੀਂ ਸੀ ਕਿ ਮੁਲਾਕਾਤ ਕਰਵਾ ਦੇਵੇ ਤੇ ਐਵੇਂ ਉਥੋਂ ਤਕ ਅੱਪੜ ਨਹੀਂ ਸੀ। ਸੋ ਕਿਤਨਾ ਕਾਲ ਦੁਇ ਜਣੇ ਉੱਥੇ ਬੈਠੇ ਅਪਣਾ ਜਤਨ ਮਿਲਨੇ ਦਾ ਕਰਦੇ ਰਹੇ ਪਰ ਕੋਈ ਵਸੀਲਾ ਮਿਲ ਸਕਣੇ ਦਾ ਨਾ ਬਣਿਆ।