ਪਰਖਣੀ ਸਿੱਖੀ । ਮੈਂ ਆਦਮੀ ਪਰਖਣ ਲੱਗ ਪਿਆ ਸਾਂ । ਮੇਰੇ ਹੱਥ ਉਥੋਂ ਇਕ ਕਸਵੱਟੀ ਲੱਗ ਗਈ ਜਿਹੜੀ ਦਾਰਾ ਦੇ ਖ਼ਾਬੋ ਖਿਆਲ ਵਿਚ ਨਹੀਂ ਸੀ । ਜਿਹੜੀਆਂ ਗੱਲਾਂ ਮੇਰੇ ਉਥੇ ਖ਼ਾਨੇ ਪੈ ਗਈਆਂ ਉਹ ਦਾਰਾ ਦੇ ਫ਼ਲਕ ਨੂੰ ਵੀ ਮਾਲੂਮ ਨਹੀਂ ਸਨ। ਮੈਂ ਪੰਜਾਬ ਦੇ ਵਾਸੀਆਂ ਦੇ ਸੁਭਾਅ ਤੋਂ ਜਾਣੂੰ ਹੋ ਗਿਆ। ਮੈਂ ਰੱਜ ਰੱਜ ਕੇ ਬੁੱਕ ਭਰ ਭਰ ਕੇ ਪੰਜਾਂ ਦਰਿਆਵਾਂ ਦਾ ਪਾਣੀ ਪੀਤਾ । ਮੈਂ ਇਨ੍ਹਾਂ ਸੂਰਮਿਆਂ ਦੀ ਅਣਖ ਤੋਂ ਜਾਣੂੰ ਹੋ ਗਿਆ । ਇਹ ਅਣਖੀਲੇ ਸੂਰਮੇ ਮੌਤ ਨੂੰ ਟਿਚਕਰਾਂ ਕਰਨੋਂ ਮੂਲ ਨਹੀਂ ਡਰਦੇ । ਇਹ ਮੌਤ ਨੂੰ ਹੱਸ ਹੱਸ ਜੱਫੀਆਂ ਪਾਉਂਦੇ ਹਨ। ਇਨ੍ਹਾਂ ਦਾ ਕੰਮ ਏ ਆਪਣਾ ਸਿਰ ਤਲੀ ਤੇ ਰੱਖ ਲੈਣਾ ਤੇ ਦੂਜੇ ਦੀ ਧੌਣ ਲਾਹ ਦੇਣੀ। ਇਕੱਲਾ ਪੰਜਾਬ ਈ ਏ ਜੋ ਦੱਰਾ ਖ਼ੈਬਰ ਦੇ ਹਮਲਾਵਰਾਂ ਦੇ ਨੱਕ 'ਚ ਨਕੇਲ ਪਾ ਸਕਦਾ ਏ । ਖਾਖਾਂ ਪਾੜ ਕੇ ਫਾਨੇ ਠੋਕਣੇ ਇਨ੍ਹਾਂ ਨੂੰ ਆਉਂਦੇ ਹਨ। ਬਾਕੀ ਸਾਰੇ ਹਿੰਦੁਸਤਾਨ ਵਾਲੇ ਗਿੱਦੜ ਹਨ। ਭਾੜੇ ਦੇ ਟੱਟੂ । ਲਿਸ਼ਕਦੀਆਂ ਤਲਵਾਰਾਂ ਵੇਖੀਆਂ ਤਾਂ ਸਿਰ ਝੁਕਾ ਦਿੱਤਾ । ਸਲਾਮ ਕੀਤੀ ਤਾਂ ਜਾਨ ਦੀ ਅਮਾਨ ਪਾ ਲਈ । ਘਰ ਵੀ ਦੇ ਦਿੱਤਾ ਤੇ ਘਰ ਦੀ ਇੱਜ਼ਤ ਵੀ ਉਨ੍ਹਾਂ ਦੀ ਝੋਲੀ 'ਚ ਪਾ ਦਿੱਤੀ । ਮਾਂ, ਭੈਣ ਤੇ ਧੀ ਵਿਚ ਫ਼ਰਕ ਕੀ ਏ ? ਇਕ ਦਿਨ ਉਨ੍ਹਾਂ ਵੀ ਤੇ ਔਰਤ ਬਣਨਾ ਏ ਵਿਆਹ ਈ ਕਰਨਾ ਏ ਨਾ ! ਫਿਰ ਚੰਗੇ ਮਾੜੇ ਦੀ ਕੀ ਪਛਾਣ । ਪੰਜਾਬ ਵਾਲੇ ਔਰਤ ਨੂੰ ਸਿਰ ਦੀ ਪੱਗ ਸਮਝਦੇ ਹਨ ਤੇ ਆਪਣੀ ਗ਼ੈਰਤ ਜਾਣਦੇ ਹਨ ਬਾਕੀ ਹਿੰਦੁਸਤਾਨ ਵਿਚ ਇਹ ਗੱਲ ਨਹੀਂ ।
ਔਰਤ ਦਾ ਕੀ ਵਿਗੜਦੈ: ਅੱਜ ਮੇਰੇ ਘਰ ਵਿਚ ਏ ਤੇ ਕਲ੍ਹ ਹਰਮ ਵਿਚ ਚਲੀ ਗਈ ਏ। ਅੱਜ ਬਾਂਦੀ ਏ ਤੇ ਕੱਲ੍ਹ ਨੂੰ ਮਲਕਾ ਵੀ ਬਣ ਸਕਦੀ ਏਂ । ਫਿਰ ਸਾਰਾ ਟੱਬਰ ਮੌਜਾਂ ਕਰੂ । ਪਰ ਇਹ ਗੱਲ ਪੰਜਾਬ ਵਿਚ ਨਹੀਂ । ਇਨ੍ਹਾਂ ਲੋਕਾਂ ਦੀ ਖੱਲ ਵਿਚ ਡਰ ਨਹੀਂ, ਭੈਅ ਨਹੀਂ । ਇਹ ਆਪਣੀ ਅਣਖ ਤੇ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਹਨ । ਇਨ੍ਹਾਂ ਤੋਂ ਉਨ੍ਹਾਂ ਦੇ ਸੁਭਾਅ ਵਿਚ ਜ਼ਮੀਨ ਅਸਮਾਨ ਜਿੰਨਾ ਫ਼ਰਕ ਏ । ਅੱਜ ਤੱਕ ਕਿਸੇ ਨੇ ਜ਼ਬਰਦਸਤੀ ਕਿਸੇ ਪੰਜਾਬੀ ਦੀ ਰੰਨ ਆਪਣੇ ਘਰ ਨਹੀਂ ਪਾਈ । ਬਾਕੀ ਤੇ ਸਾਰੀ ਜਗ੍ਹਾ ਨਿਕਾਹ ਹੁੰਦੇ ਰਹੇ । ਅੱਜ ਤਲਾਕ ਤੇ ਫਿਰ ਨਿਕਾਹ : ਪੰਜਾਬ 'ਚ ਇਹ ਗੱਲਾਂ ਨਹੀਂ । ਕਦਾਚਿਤ ਕੋਈ ਹਿਮਾਕਤ ਕਰ ਵੀ ਬੈਠੇ ਤਾਂ ਫਿਰ ਸਿਰ ਵੱਢਕੇ ਜ਼ਮੀਨ ਤੇ ਰੱਖ ਦਿੰਦੇ ਹਨ ਭਾਵੇਂ ਕਿੰਨਾ ਵੱਡਾ ਰਾਣੀ ਖਾਂ ਦਾ ਸਾਲਾ ਕਿਉਂ ਨਾ ਹੋਵੇ । ਜੇ ਕਦੀ ਕਿਸੇ ਸੁਆਣੀ ਦੇ ਸਿਰ ਦਾ ਸਾਈਂ ਇਸ ਰੋੜਕੇ 'ਚ ਸ਼ਹੀਦ ਹੋ ਗਿਆ ਤਾਂ ਸਮਝੋ ਉਹਦਾ ਪੁੱਤ ਸਦਾ ਲਈ ਵੈਰੀ ਬਣ ਗਿਆ । ਜਦੋਂ ਉਹ ਭਰ ਜੁਆਨੀ 'ਚ ਆਇਆ, ਤੇ ਉਹਦੇ ਡੋਲਿਆਂ 'ਚ ਬਲ ਭਰਿਆ ਤਾਂ ਉਸ ਆਪਣੇ ਪਿਓ ਦਾ ਬਦਲਾ ਲੈ ਲਿਆ । ਬਦਲੇ ਦੀ ਭਾਵਨਾ ਸੱਤਾਂ ਪੀੜ੍ਹੀਆਂ ਤੱਕ ਜਾਂਦੀ ਏ । ਖਾਨਦਾਨ ਦਾ ਜਦੋਂ ਕੋਈ ਖਾਂਗੜ ਬਜ਼ੁਰਗ ਹੱਡਾਂ ਪੈਰਾਂ ਤੋਂ ਰਿਹਾ ਹੋਇਆ ਮਰਦਾ ਏ ਤਾਂ ਉਹ ਆਪਣੇ ਪੁੱਤ ਪੋਤਰੇ ਨੂੰ ਖ਼ਜ਼ਾਨੇ ਦੀਆਂ ਚਾਬੀਆਂ ਨਹੀਂ ਦਿੰਦਾ ਸਗੋਂ ਉਹਦੀ ਝੋਲੀ ਵਿਚ ਆਪਣਾ ਬਦਲਾ ਪਾਉਂਦਾ ਏ ਤੇ ਆਖਦਾ ਏ, —ਮੇਰੇ ਨਾਲ ਫਲਾਣੇ ਬੰਦੇ ਨੇ ਧੱਕਾ ਕੀਤਾ ਸੀ, ਉਹ ਤਾਕਤਵਰ ਸੀ ਤੇ ਮੈਂ ਨਿਹੱਥਾ ਸਾਂ, ਉਸ ਮੇਰੇ ਸਾਹਮਣੇ ਤੇਰੀ ਦਾਦੀ ਦੀ ਗੁੱਤ ਫੜੀ ਤੇ ਜ਼ਬਰਦਸਤੀ ਆਪਣੇ ਘਰ ਪਾ ਲਿਆ ਤੇ ਮੈਂ ਸਾਰੀ ਉਮਰ ਅੱਡੀਆਂ ਰਗੜ-ਰਗੜ ਕੇ ਅੱਜ ਮਰ ਰਿਹਾ ਹਾਂ । ਜੇ ਤੂੰ ਮੇਰੇ ਘਰ ਦਾ ਨਿਸ਼ਾਨ ਏਂ ਬੱਚੂ ਬਦਲਾ ਜ਼ਰੂਰ ਲਵੀਂ । ਮੇਰੀ ਕਬਰ ਤਾਂ ਠੰਢੀ ਹੋਵੇਗੀ, ਨਹੀਂ ਤਾਂ ਤਾਂਬੇ ਵਾਂਗੂੰ ਤਪਦੀ ਰਹੇਗੀ । ਮੈਂ ਚਲਿਆ ਹਾਂ ਜੇ ਤੂੰ ਮੇਰਾ ਪੁੱਤ ਏਂ, ਉਹਦੀ ਧੀ ਆਪਣੇ ਘਰ