ਵੀ ਦੁਸ਼ਮਣ । ਮੈਂ ਦੁਨੀਆਦਾਰ ਹਾਂ ਤੇ ਉਹ ਇਸ ਗੱਲ ਤੋਂ ਵੀ ਬੇਗਰਜ਼ । ਉਨ੍ਹਾਂ ਦੇ ਦਰਬਾਰ 'ਚ ਪਿਆਰ ਉਮਡ-ਉਮਡ ਪੈਂਦਾ ਏ ਤੇ ਮੇਰੇ ਦਰਬਾਰ ਵਿਚ ਧੋਖੋ ਫਰੇਬ ਦਾ ਇਕ ਗੜ੍ਹ । ਸਿਰਫ਼ ਤਾਕਤ ਅੱਗੇ ਦੁਨੀਆਂ ਝੁਕਦੀ ਏ ਕਦੋਂ ਤਕ ਝੁਕੀ ਰਹੇਗੀ ? ਇਹ ਰੱਬ ਜਾਣਦਾ ਏ। ਉਨ੍ਹਾਂ ਦਾ ਕੋਈ ਦੁਸ਼ਮਣ ਨਹੀਂ 'ਤੇ ਮੇਰਾ ਸਾਰਾ ਜ਼ਮਾਨਾ ਵੈਰੀ । ਮੇਰੀ ਬੁੱਕਲ 'ਚ ਹਰ ਵੇਲੇ ਸੱਪ ਤੇ ਉਹਦੇ ਆਲੇ-ਦੁਆਲੇ ਹਰ ਵੇਲੇ ਮੋਰ ਈ ਮੋਰ। ਮੇਰੀ ਜਾਨ ਦੇ ਸੌ ਵੈਰੀ ਤੇ ਉਨ੍ਹਾਂ ਦੀ ਜਾਨ ਦੇ ਸਦਕੇ ਲੈਣ ਵਾਲੇ ਸੌ ਸੇਵਕ । ਉਨ੍ਹਾਂ ਨੂੰ ਕਦੀ ਰਾਤੀਂ ਡਰ ਨਹੀਂ ਦਿਨੇ ਡਰ ਨਹੀਂ। ਉਨ੍ਹਾਂ ਦੇ ਸੇਵਕ ਦਿਲੋਂ ਜਾਨ ਨਾਲ ਪਿਆਰੇ। ਇਕੋ ਪੰਗਤ ਵਿਚ ਬੈਠੇ ਚਾਰ ਗਰਾਹੀਆਂ ਖਾ ਲਈਆਂ ਤੇ ਰੱਬ ਦਾ ਸ਼ੁਕਰ ਮਣਾ ਲਿਆ । ਮੇਰਾ ਦਸਤਰਖਾਨ ਸੀਲ ਬੰਦ । ਯਾਰੋਂ ਮੈਂ ਆਪਣੀ ਮਰਜ਼ੀ ਨਾਲ ਅੰਨ ਦਾ ਭੋਰਾ ਮੂੰਹ ਵਿਚ ਵੀ ਨਹੀਂ ਪਾ ਸਕਦਾ । ਮੇਰੇ ਸਾਹਮਣੇ ਦੇਗ਼ ਦੀ ਸੀਲ ਤੋੜੀ ਜਾਏ ਬਾਵਰਚੀ ਪਹਿਲਾਂ ਆਪ ਖਾਏ ਤੇ ਫਿਰ ਹਕੀਮ ਢਿੱਡ ਭਰੇ ਅੱਧੀ ਘੜੀ ਫਿਰ ਉਹਦਾ ਅਸਰ ਵੇਖਿਆ ਜਾਏ ਤਾਂ ਜਾ ਕੇ ਸਾਨੂੰ ਰੋਟੀ ਦਾ ਭੋਰਾ ਨਸੀਬ ਹੋਵੇ । ਮੈਂ ਜੋ ਕਿਸੇ ਵੇਲੇ ਚਾਹਵਾਂ, ਮੇਰਾ ਜੀ ਜੇ ਕਿਸੇ ਚੀਜ਼ ਤੇ ਆ ਜਾਵੇ, ਮੈਂ ਖਾਣਾ ਚਾਹਾਂ ਤਾਂ ਵੀ ਨਹੀਂ ਖਾ ਸਕਦਾ । ਉਹ ਜਦੋਂ ਚਾਹੁਣ ਜਿਸ ਵੇਲੇ ਦਿਲ ਕਰੇ ਜੋ ਮਰਜ਼ੀ ਆਵੇ ਖਾ ਲੈਣ। ਦਸਤਰਖਾਨ ਭਾਵੇਂ ਮੇਰਾ ਵੱਡਾ ਏ ਉਨ੍ਹਾਂ ਦਾ ਲੰਗਰ ਮੈਥੋਂ ਘੱਟ ਨਹੀਂ । ਮੈਂ ਪੈਸੇ ਨਾਲ ਗੁਲਾਮ ਖ਼ਰੀਦ ਕੇ ਪੇਟੂ ਰੱਖੇ ਹਨ ਸਿਰਫ ਦਸਤਰਖ਼ਾਨ ਤੇ ਬੈਠ ਕੇ ਖਾਣ ਲਈ ਦਰਸ਼ਨੀ ਭਲਵਾਨ । ਆਪਣੇ ਘਰੋਂ ਖੁਆਉਣਾ ਤੇ ਆਪਣਾ ਦੁਸ਼ਮਣ ਪੈਦਾ ਕਰਨਾ । ਘਰ ਘਰ ਗੁਆਣਾ ਤੇ ਬਾਹਰੋਂ ਭੜੂਆ ਅਖਵਾਉਣਾ । ਉਨ੍ਹਾਂ ਦੇ ਲੰਗਰ ਲਈ ਹਰ ਬੰਦਾ ਆਪਣੇ ਘਰੋਂ ਕੁਝ ਨਾ ਕੁਝ ਲੈ ਕੇ ਤੁਰਦਾ ਏ । ਦਸਾਂ ਨਹੁੰਆਂ ਦੀ ਕਿਰਤ ਵਿਚੋਂ ਦਸਵੰਧ । ਲੰਗਰ 'ਚ ਪਕਾਉਣਾ । ਲੰਗਰ ਤਿਆਰ ਹੋਇਆ ਤੇ ਸਾਰਿਆਂ ਖਾਧਾ ਢਿੱਡ ਭਰ ਕੇ । ਮੈਂ ਪਹਿਲਾਂ ਸੱਦਾ ਭੇਜਾਂ ਤੇ ਫਿਰ ਆਉਣ ਰੇਤ ਦੇ ਪਹਿਲਵਾਨ ਤੇ ਮੇਰਾ ਦਸਤਰਖ਼ਾਨ ਸਜੇ। ਉਨ੍ਹਾਂ ਦੇ ਲੰਗਰ ਵਿਚ ਪਿਆਰ 'ਚ ਬੰਦੇ ਖਿੱਚੇ ਆਉਂਦੇ ਹਨ । ਫ਼ਰਕ ਨਾ ਹੋਇਆ ਮੇਰੇ ਤੇ ਉਹਦੇ ਵਿਚ । ਮੈਨੂੰ ਕੋਈ ਹੁਕਮ ਨਹੀਂ ਦੇਣਾ ਚਾਹੀਦਾ । ਮੈਨੂੰ ਕੋਈ ਸਖ਼ਤੀ ਨਹੀਂ ਕਰਨੀ ਚਾਹੀਦੀ । ਮੈਨੂੰ ਕੁਦਰਤ ਦੇ ਰੰਗ ਵੇਖਣੇ ਚਾਹੀਦੇ ਹਨ। ਮੈਨੂੰ ਵੇਖਣਾ ਚਾਹੀਦਾ ਹੈ ਕਿ ਊਠ ਕਿਸ ਕਰਵਟ ਬੈਠਦਾ ਹੈ। ਮੈਂ ਜਦੋਂ ਮੱਕੂ ਠੱਪਣਾ ਚਾਹਵਾਂਗਾ ਘੜੀ 'ਚ ਕਿਆਮਤ ਆ ਜਾਵੇਗੀ। ਨਹੀਂ ਇਹ ਬਿਲਕੁਲ ਗ਼ਲਤ ਮੈਨੂੰ ਜਜ਼ਬਾਤ ਤੋਂ ਕੰਮ ਨਹੀਂ ਲੈਣਾ ਚਾਹੀਦਾ। ਮੈਨੂੰ ਤਮਾਸ਼ਾ ਵੇਖਣਾ ਚਾਹੀਦਾ ਹੈ ਇਕ ਬਾਲ ਦਾ। ਉਹ ਕਿੱਦਾਂ ਖੇਡਦਾ ਏ, ਉਹਦੇ ਕੱਤਕ, ਉਹਦੀ ਬਾਲ ਲੀਲ੍ਹਾ। ਉਹ ਪ੍ਰਭੂ ਦਾ ਰੂਪ ਏ, ਅੱਲ੍ਹਾ ਦਾ ਲੋਕ ਏ : ਖ਼ੁਦਾ ਉਹਦੇ ਅੱਗੇ ਪਿੱਛੇ ਫਿਰਦਾ ਏ ਤੇ ਮੈਥੋਂ ਖ਼ੁਦਾ ਸੌ-ਸੌ ਕੋਹ ਡਰਦਾ ਏ।
ਮੌਲਵੀ, ਮੁਲਾਣੇ, ਜਰਨੈਲ, ਕਾਜ਼ੀ, ਸੂਬੇਦਾਰ ਕੀ ਜਾਨਣ ਕਿ ਮਾਇਆ ਕੀ ਏ। ਇਹ ਭੇਤ ਕੁਝ ਵੱਖਰਾ ਜਿਹਾ ਏ । ਇਹ ਉਲਝਣ ਕੁਝ ਨਿਰਾਲੀ ਏ । ਇਹੋ ਜਿਹੀਆਂ ਗੁੰਝਲਾਂ ਖੋਲ੍ਹਦਾ-ਖੋਲ੍ਹਦਾ ਬੰਦਾ ਆਪ ਕਾਫ਼ਰ ਹੋ ਜਾਂਦਾ ਏ। ਕੋਈ ਦਿਲਦਾਰ ਅੱਖਾਂ ਵਾਲਾ ਭਾਵੇਂ ਇਹ ਗੁੰਝਲ ਖੋਲ੍ਹੇ। ਆਮ ਬੰਦੇ ਦੇ ਵੱਸ ਦਾ ਇਹ ਰੋਗ ਨਹੀਂ।
ਸੁਲਤਾਨਪੁਰ ਲੋਧੀ ਤੋਂ ਮੈਂ ਜਿਹੜਾ ਸਬਕ ਪੜ੍ਹਿਆ ਸਿੱਖਿਆ ਉਹ ਬਹੁਤ ਮੁਫ਼ੀਦ ਸੀ ਪਰ ਮੈਂ ਉਹਦੇ ਤੇ ਚੱਲਿਆ ਨਾ, ਮੈਂ ਉਹਦੇ ਤੇ ਅਮਲ ਨਾ ਕੀਤਾ। ਮੈਂ ਵਿਚਾਰਿਆ ਨਾ ਸੁਲਤਾਨਪੁਰ