ਇਸੇ ਤਰ੍ਹਾਂ ਪੱਕੇ ਹੁੰਦੇ ਹਨ । ਸਖ਼ਤੀ ਤੋਂ ਬਗੈਰ ਹਕੂਮਤ ਨਹੀਂ ਹੋ ਸਕਦੀ । ਗੱਲ ਤਾਂ ਕਿਸੇ ਹੱਦ ਤਕ ਠੀਕ ਹੈ ਪਰ ਐਨੀ ਵੱਡੀ ਅੱਤ ਚੁੱਕਣੀ ਉਸ ਬਾਦਸ਼ਾਹ ਨੂੰ ਨਹੀਂ ਚਾਹੀਦੀ ਜੀਹਦੀਆਂ ਪੀੜ੍ਹੀਆਂ, ਪਿਉ, ਦਾਦੇ ਦੀਆਂ ਕਬਰਾਂ ਹਿੰਦੁਸਤਾਨ 'ਚ ਹੋਣ । ਜਿਹੜਾ ਇਸ ਮੁਲਕ ਦਾ ਵਸਨੀਕ ਹੋਵੇ । ਇਹ ਗੱਲ ਤਾਂ ਟੱਪਰੀਵਾਸਾਂ ਤੇ ਧਾੜਵੀਆਂ ਨੂੰ ਸ਼ੋਭਾ ਦਿੰਦੀ ਏ । ਉਨ੍ਹਾਂ ਨੂੰ ਸਿਰਫ ਦੌਲਤ ਨਾਲ ਮੁਹੱਬਤ ਹੁੰਦੀ ਹੈ। ਜਨਤਾ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੁੰਦਾ । ਦਿੱਲੀ ਵਿਚ ਜੰਮਿਆ ਪੁੱਤ ਜੇ ਬਾਦਸ਼ਾਹ ਬਣ ਜਾਏ ਤੇ ਦਿੱਲੀ ਵਾਲਿਆਂ ਨਾਲ ਅਜਿਹੇ ਹੱਥ ਕੰਡੇ ਨਹੀਂ ਸਨ ਕਰਨੇ ਚਾਹੀਦੇ । ਲੋਕਾਂ ਲੱਖ ਲੱਖ ਲਾਹਨਤਾਂ ਪਾਈਆਂ । ਇਹ ਕਲੰਕ ਏ ਮੇਰੀ ਹਕੂਮਤ ਨੂੰ । ਦਿੱਲੀ ਨੇ ਮੈਨੂੰ ਪੋਟੇ ਗਿਣ-ਗਿਣ ਕੇ ਪਾਲਿਆ, ਜੁਆਨ ਕੀਤਾ, ਖੇਡਿਆ, ਮੱਲਿਆ । ਇਨ੍ਹਾਂ ਦੇ ਬਲਬੂਤੇ ਈ ਮੈਂ ਬਾਦਸ਼ਾਹ ਬਣਿਆ । ਦਿੱਲੀ ਵਾਲਿਆਂ ਮੇਰੀ ਇਸ ਲਈ ਮਦਦ ਕੀਤੀ ਸੀ ਕਿ ਮੈਂ ਉਨ੍ਹਾਂ ਲਈ ਇਸ ਤਰ੍ਹਾਂ ਦੀ ਲੁਕਣ ਮੀਟੀ ਖੇਡਾਂ ? ਮੈਂ ਪਹਿਲਾਂ ਕੈਦ ਵਿਚ ਡੱਕੇ ਦੂਜੇ ਧੜੇ ਦੇ ਬੰਦੇ । ਚੋਰ ਵੀ ਫੜੇ ਤੇ ਡਾਕੂ ਵੀ ਤੇ ਉਨ੍ਹਾਂ ਦੇ ਨਾਲ ਪਲੇਥਣ ਲੱਗ ਗਿਆ ਸ਼ਰੀਫ ਖ਼ੁਦਾ ਪ੍ਰਸਤ ਬੰਦਿਆਂ ਨੂੰ, ਜਿਨ੍ਹਾਂ ਖ਼ੁਦਾ ਦੀ ਬੰਦਗੀ ਤੋਂ ਬਿਨਾਂ ਹੋਰ ਕੰਮ ਈ ਨਹੀਂ ਸੀ ਸਿੱਖਿਆ । ਚਾਰ ਦਿਨ ਡੱਕੇ ਤੇ ਖੂਬ ਗਿੱਦੜ ਕੁੱਟ ਕੀਤੀ ਤੇ ਵਿਚੋਂ ਇਕ ਰਾਤ ਛੱਡ ਦਿੱਤਾ ਤੇ ਦੂਜੇ ਦਿਨ ਫਿਰ ਫੜ ਲਿਆ । ਮਾਵਾਂ ਦੀਆਂ ਅਜੇ ਸੱਧਰਾਂ ਨਹੀਂ ਸਨ ਪੂਰੀਆਂ ਹੋਈਆਂ, ਅਲ੍ਹੜਾਂ ਦੇ ਅਜੇ ਚਾਅ ਮੈਲੇ ਨਹੀਂ ਸਨ ਹੋਏ । ਅਸਾਂ ਸੂਰਜ ਵੀ ਨਹੀਂ ਡੁੱਬਣ ਦਿੱਤਾ । ਇਕ ਵਾਢਿਓਂ ਧਰ ਲਏ ਤੇ ਕਤਲ ਕਰ ਦਿੱਤਾ । ਇਨ੍ਹਾਂ ਦੀਆਂ ਬਦ-ਦੁਆਵਾਂ ਕੀ ਮੈਨੂੰ ਰਾਤ ਨੂੰ ਕਦੀ ਸੌਣ ਦੇਣਗੀਆਂ ? ਕਦੀ ਨਹੀਂ । ਕਿਆਮਤ ਤਕ ਇਨ੍ਹਾਂ ਮੇਰਾ ਪਿੱਛਾ ਨਹੀਂ ਛੱਡਣਾ। ਮੈਨੂੰ ਕਦੀ ਵੀ ਇਨ੍ਹਾਂ ਚੈਨ ਨਾਲ ਨਹੀਂ ਬਹਿਣ ਦੇਣਾ। ਇਕ ਗੱਲ ਹੋਰ ਚੇਤੇ ਆ ਰਹੀ ਹੈ । ਇਹੋ ਜਿਹੀਆਂ ਕਈ ਗੱਲਾਂ ਹੋਰ ਹਨ। ਔਰੰਗਜ਼ੇਬ ਨੇ ਇਕ ਵਾਰ ਫਿਰ ਤਸਬੀ ਤੇ ਹੱਥ ਫੇਰਿਆ । ਤਸਬੀ ਦੇ ਮਣਕੇ ਅੱਲਾ ਅੱਲਾ ਪੁਕਾਰ ਰਹੇ ਸਨ।
ਮੈਂ ਇਕ ਦਿਨ ਮੌਲਵੀ ਬਣ ਗਿਆ ਜਾਂ ਮੈਨੂੰ ਮੌਲਵੀ ਬਣਾ ਦਿੱਤਾ ਗਿਆ । ਬਾਦਸ਼ਾਹ ਕੀ ਤੇ ਖ਼ੁਦਾ ਤਰਸ ਕੀ ? ਪਾਰਸਾ ਬਣ ਬੈਠਾ । ਮਜ਼ਹਬੀ ਜਨੂੰਨ 'ਚ ਆ ਕੇ ਮੈਂ ਇਕ ਐਲਾਨ ਕੀਤਾ- ਦਿੱਲੀ ਵਿਚ ਸ਼ਰਾਬ ਬੰਦ । ਬੋਲ ਮੇਰੇ ਮੂੰਹ ਵਿਚ ਸਨ ਕਾਨੂੰਨ ਲਾਗੂ ਹੋ ਗਿਆ। ਕੋਈ ਸ਼ਰਾਬ ਪੀ ਨਹੀਂ ਸਕਦਾ । ਕੋਈ ਸ਼ਰਾਬ ਵੇਚ ਨਹੀਂ ਸਕਦਾ । ਕੋਈ ਸ਼ਰਾਬ ਕੱਢ ਨਹੀਂ ਸਕਦਾ । ਘਰ-ਘਰ ਮੇਰੇ ਇਸ ਕਾਨੂੰਨ ਦੀ ਚਰਚਾ ਛਿੜੀ । ਇਹ ਵੀ ਇਕ ਕਾਗਜ਼ੀ ਰਾਵਣ ਵਾਲੀ ਗੱਲ ਸੀ । ਸ਼ਰਾਬ ਉਸੇ ਦਿਨ ਕਾਗ਼ਜ਼ਾਂ 'ਚ ਬੰਦ ਹੋ ਗਈ । ਮੌਲਵੀ, ਮੁਲਾਣੇ, ਤਿਲਕਧਾਰੀ ਪੰਡਤ, ਬ੍ਰਾਹਮਣ ਕਨੌਜੀਏ, ਰਾਜੇ ਮਹਾਰਾਜੇ, ਨਵਾਬ ਸੂਬੇਦਾਰ, ਸ਼ਰਾਬ ਤੋਂ ਬਿਨਾਂ ਕਿੱਦਾਂ ਰਹਿ ਸਕਦੇ ਸਨ । ਸ਼ਰਾਬ ਹੁਣ ਅੰਦਰਖਾਤੇ ਵਿਕਣ ਲੱਗ ਪਈ । ਅੱਗੇ ਸ਼ਰਾਬ ਇਕ ਜਗ੍ਹਾ ਵਿਕਦੀ ਸੀ ਸ਼ਰੇਆਮ । ਹੁਣ ਸ਼ਰਾਬ ਕੋਠੜੀਆਂ ਵਿਚ ਚਲੀ ਗਈ । ਸ਼ਰਾਬ ਬੰਦ ਨਹੀਂ ਸੀ ਹੋਈ। ਐਵੇਂ ਮੇਰੀਆਂ ਅੱਖਾਂ 'ਚ ਲੱਪ ਮਿਰਚਾਂ ਦੀ ਪਾਉਣ ਲਈ ਮੇਰੇ ਅਹਿਲਕਾਰਾਂ ਕਾਗਜ਼ਾਂ ਦੇ ਰਾਵਣ ਬਣਾ-ਬਣਾ ਕੇ ਮੇਰੇ ਸਾਹਮਣੇ ਪੇਸ਼ ਕੀਤੇ । ਮੈਂ ਸੁਣ ਲੈਂਦਾ, ਬੜਾ ਖ਼ੁਸ਼ ਹੁੰਦਾ । ਮੇਰਾ ਕਾਨੂੰਨ ਇਲਾਹੀ ਕਾਨੂੰਨ ਸਮਝਿਆ ਗਿਆ । ਮੇਰਾ ਹੁਕਮ ਖ਼ੁਦਾਈ ਹੁਕਮ ਏ । ਮੈਂ ਇਹ ਕਦੀ ਨਹੀਂ ਸੀ ਸੋਚ ਸਕਦਾ ਕਿ ਮੇਰੇ ਨਾਲ ਮੇਰੇ ਅਹਿਲਕਾਰ ਹੇਰਾ ਫੇਰੀ ਕਰ ਰਹੇ ਹਨ । ਮੈਨੂੰ ਪੋਟਿਆਂ ਤੇ ਨਚਾ ਰਹੇ ਹਨ। ਰਿੱਛ ਨੱਚ ਰਿਹਾ ਸੀ ਤੇ ਲੋਕ ਹੱਸ ਰਹੇ