ਸਨ ਉਹ ਰਾਜਪੂਤ ਬੜਾ ਬਦਜ਼ਬਾਨ ਸੀ, ਗੁਸਤਾਖ ਸੀ, ਪਰ ਸੱਚਾ ਜ਼ਰੂਰ ਸੀ । ਕੱਚੇ ਦੁੱਧ ਵਿਚ ਨਹਾਤਾ ਹੋਇਆ । ਰੋਜ਼ ਸਵੇਰੇ ਜਮਨਾ 'ਚ ਨਹਾਉਣ ਵਾਲਾ ਠੀਕ ਆਖ ਰਿਹਾ ਸੀ- ਸ਼ਹਿਨਸ਼ਾਹ ! ਇਹ ਝੂਠੇ ਛਣਕਣੇ ਛਣਕਾਏ ਜਾ ਰਹੇ ਹਨ । ਸ਼ਰਾਬ ਬੰਦ ਹੋ ਗਈ ਇਕ ਮਜ਼ਾਕ ਏ । ਜੇ ਕੋਈ ਆਖੇ ਕਿ ਲੋਕਾਂ ਅੱਲ੍ਹਾ ਦਾ ਨਾਂ ਲੈਣਾ ਬੰਦ ਕਰ ਦਿੱਤਾ ਏ ਤਾਂ ਮੰਨਿਆ ਜਾ ਸਕਦਾ ਏਂ, ਇਤਬਾਰ ਕੀਤਾ ਜਾ ਸਕਦਾ ਏ । ਪਰ ਜੇ ਕੋਈ ਇਹ ਕਹੇ ਕਿ ਸ਼ਰਾਬ ਦੀ ਵਿੱਕਰੀ ਬੰਦ ਹੋ ਗਈ ਏ ਇਹ ਸੁਧਾ ਝੂਠ ਏ । ਨਾਨੀ ਨੇ ਖਸਮ ਕੀਤਾ ਸੱਚ, ਨਾਨੀ ਨੇ ਖੂਹ ਲਵਾਇਆ ਝੂਠ। ਮੇਰੀਆਂ ਅੱਖਾਂ ਵਿਚ ਧੂੜ ਪਾਉਣ ਵਾਲੀ ਗੱਲ ਏ । ਮੇਰੀ ਅੱਖ ਉਦੋਂ ਉੱਘੜੀ ਜਦੋਂ ਮੇਰੇ ਕਰਮਚਾਰੀਆਂ ਇਕ ਇੱਜੜ ਮੇਰੇ ਸਾਹਵੇਂ ਲਿਆ ਖੜਾ ਕੀਤਾ, ਸ਼ਰਾਬੀਆਂ ਕਬਾਬੀਆਂ ਦਾ । ਉਨ੍ਹਾਂ ਦੀਆਂ ਲੰਮੀਆਂ-ਲੰਮੀਆਂ, ਰਾਂਗਲੀਆਂ ਤੇ ਸਫੈਦ ਦਾੜ੍ਹੀਆਂ ਵੇਖ ਕੇ ਮੈਨੂੰ ਆਪ ਸ਼ਰਮ ਆਉਂਦੀ ਸੀ । ਕਾਲੀਆਂ ਬੱਗੀਆਂ ਮੁੱਛਾਂ ਤਿਲਕਧਾਰੀ, ਬ੍ਰਾਹਮਣ, ਲੰਮਿਆਂ ਚੋਗਿਆਂ ਵਾਲੇ ਕਾਜ਼ੀ, ਕਈ ਮੌਲਾਣੇ, ਇਕ ਇਮਾਮ ਮਸਜਿਦ ਦਾ। ਇਹ ਵੀ ਇਕ ਨਾਟਕ ਸੀ । ਵੀਹ ਔਰਤਾਂ ਉਹ ਫੜੀਆਂ ਗਈਆਂ ਗੋਰੀਆਂ, ਚਿੱਟੀਆਂ, ਸੰਗ- ਮਰਮਰ ਵਰਗੀਆਂ, ਚੰਦਨ ਦੀਆਂ ਗੋਲੀਆਂ ਵਰਗੀਆਂ, ਜਿਹੜੀਆਂ ਲੱਸੀ ਵਾਲੀ ਚਾਟੀ ਵਿਚ ਸ਼ਰਾਬ ਪਾ ਕੇ ਗਲੀ, ਗਲੀ, ਮੁਹੱਲੇ-ਮੁਹੱਲੇ ਨੂੰ ਸ਼ਰਾਬੀ ਕਰਦੀਆਂ ਫਿਰਦੀਆਂ ਸਨ । ਬੇਗਮਾਂ ਆਪਣੇ ਖਸਮਾਂ ਲਈ ਸ਼ਰਾਬ ਲੈ ਕੇ ਰੱਖ ਛੱਡਦੀਆਂ ਰਾਤ ਮਜ਼ੇ ਨਾਲ ਲੰਘੇਗੀ । ਸ਼ਰਾਬ ਤੋਂ ਬਿਨਾਂ ਸੇਜ ਕਿਵੇਂ ਰਾਂਗਲੀ ਬਣੇ । ਫਤਹਿਪੁਰੀ ਮਸਜਿਦ ਵੁਜੂ ਕਰਨ ਵਾਲੇ ਲੋਟਿਆਂ ਵਿਚ ਸ਼ਰਾਬ ਫੜੀ ਗਈ । ਕੀ ਕਰਨ ਵਿਚਾਰੇ ਮੌਲਵੀ, ਵਿਹਲੜ । ਸਾਰੀ ਰਾਤ ਦਿਹਾੜੀ ਸ਼ਰਾਬ ਨਾ ਪੀਣ ਤਾਂ ਸ਼ਰਾਰਤਾਂ ਕਿੱਥੋਂ ਸੁੱਝਣ । ਬਾਦਸ਼ਾਹ ਨੂੰ ਕਿਵੇਂ ਖ਼ੁਸ਼ ਕਰਨ । ਇਹ ਕਮਾਲ ਸਿਰਫ਼ ਸ਼ਰਾਬ ਵਿਚ ਈ ਏ। ਗੱਲ ਸੋਚੀ ਸੀ ਭਲੇ ਲਈ ਪਰ ਗਲ ਫਾਹੀ ਪੈ ਗਈ । ਇਹ ਬਰਕਤਾਂ ਸਿਰਫ਼ ਲਾਲ ਪਰੀ ਦੇ ਹਿੱਸੇ ਵਿਚ ਆਈਆਂ ਨੇ । ਕੀ ਮੈਂ ਸਾਰੀ ਉਮਰ ਸ਼ਰਾਬ ਨਹੀਂ ਪੀਤੀ ? ਕੀ ਮੈਂ ਹੁਣ ਕੁਫਰ ਤੋਲਾਂ ? ਮੈਂ ਵੀ ਰੱਬ ਨੂੰ ਜਾਨ ਦੇਣੀ ਏ । ਪੀਤੀ ਏ ! ਜ਼ਰੂਰ ਪੀਤੀ ਏ, ਕਈ ਵਾਰ ਪੀਤੀ ਏ । ਬੁਰਹਾਨਪੁਰ ਵਿਚ ਪੀਤੀ ਲੁਕ ਕ ਰਾਤੀਂ ਹਰਮ ਵਿਚ । ਦਿਨੇ ਮੌਲਵੀ ਤੇ ਰਾਤੀਂ ਅੱਯਾਸ਼ ਸ਼ਰਾਬੀ। ਸ਼ਰਾਬੀ ਹੋਣਾ ਤੇ ਬੇਹੋਸ਼ ਹੋ ਕੇ ਸੌਂ ਜਾਣਾ, ਪਰ ਨੀਂਦ ਮੈਨੂੰ ਫਿਰ ਵੀ ਨਹੀਂ ਸੀ ਆਉਂਦੀ। ਦੂਜੇ ਦਿਨ ਇਕ ਛਾਪੇ ਵਿਚ ਫਿਰ ਇਕ ਇੱਜੜ ਬੰਦਿਆਂ ਦਾ ਫੜਿਆ ਗਿਆ । ਮੈਂ ਡਰਦੇ-ਡਰਦੇ ਦਸ-ਦਸ ਜੁੱਤੀਆਂ ਮਾਰਨ ਦੀ ਸਜ਼ਾ ਦਿੱਤੀ । ਮੈਂ ਇਸ ਲਈ ਇਥੇ ਨਰਮੀ ਵਰਤੀ ਕਿ ਬੜੇ-ਬੜੇ ਸ਼ਰੀਫ਼, ਧੋਲੀਆਂ ਦਾੜ੍ਹੀਆਂ ਵਾਲੇ ਇਸ ਜੁੰਡਲੀ ਵਿਚ ਫਸ ਗਏ ਸਨ । ਕੁਝ ਮੇਰੇ ਰਿਸ਼ਤੇਦਾਰ ਵੀ ਸਨ । ਪਰ ਕਮਾਲ ਹੈ ਕੁਦਰਤ ਦਾ, ਉਹ ਬੰਦੇ ਜੁੱਤੀਆਂ ਖਾ ਕੇ ਘਰ ਨੂੰ ਚਲੇ ਗਏ ਤੇ ਮੈਨੂੰ ਉਸੇ ਦਿਨ ਉਸ ਰਾਜਪੂਤ ਨੇ ਆ ਕੇ ਦੱਸਿਆ । ਉਹ ਸੱਚ ਬੋਲ ਰਿਹਾ ਸੀ ।
ਉਹ ਆਖ ਰਿਹਾ ਸੀ-ਸ਼ਰਾਬ ਦਾ ਮੱਟ ਆਖ ਰਿਹਾ ਏ ਆਓ ਪੀਓ ਤੇ ਜੀਓ ! ਚਾਰ ਜੁੱਤੀਆਂ ਖਾਣ ਨਾਲ ਕੋਈ ਸ਼ਰਾਬ ਥੋੜ੍ਹੀ ਛੱਡ ਦਿੰਦਾ ਏ । ਸ਼ਰਾਬ ਇਕ ਨਸ਼ਾ ਏ, ਜੰਨਤ ਦੀ ਨਿਅਮਤ ਏ । ਚੌਧਵਾਂ ਰਤਨ ਏ । ਕਈ ਬਾਦਸ਼ਾਹ ਆਏ ਤੇ ਕਈ ਚਲੇ ਗਏ । ਨਾ ਕਦੀ ਸ਼ਰਾਬ ਬੰਦ ਹੋਈ ਏ ਤੇ ਨਾ ਕਦੀ ਬੰਦ ਹੋਵੇਗੀ । ਅੱਗੇ ਸ਼ਰਾਬ ਆਪਣੀ ਮਰਜ਼ੀ ਨਾਲ ਲੋਕ ਖ਼ਰੀਦਦੇ ਸਨ, ਤੇ ਹੁਣ ਹਾਰੀ ਸਾਰੀ ਰੀਸੋ ਰੀਸ ਖ਼ਰੀਦਦੇ ਹਨ । ਜਿਵੇਂ ਆਬੇ-ਜ਼ਮਜ਼ਮ ਹੋਵੇ, ਗੰਗਾ-ਜਲ ਹੋਵੇ ।