ਅੱਗੇ ਸਸਤੀ ਸੀ ਤੇ ਹੁਣ ਮਹਿੰਗੀ ਤੇ ਨਖ਼ਰੇ ਨਾਲ ਵਿਕਦੀ ਏ । ਇਸ ਅਦਲਾ-ਬਦਲੀ 'ਚ ਕਈ ਬੇ-ਗੁਨਾਹ ਕਤਲ ਹੋ ਗਏ । ਦਿੱਲੀ 'ਚ ਹਾਹਾਕਾਰ ਮੱਚ ਗਈ। ਲੋਕ-ਤ੍ਰਾਹ-ਤ੍ਰਾਹ ਕਰ ਉੱਠੇ । ਆਖ਼ਰ ਮਜਬੂਰ ਹੋ ਕੇ ਮੈਨੂੰ ਸ਼ਰਾਬ ਖੋਹਲਣੀ ਪਈ ।
ਇਨ੍ਹਾਂ ਚਹੁੰ ਦਿਨਾਂ ਵਿਚ ਹੀ ਬਾਦਸ਼ਾਹ ਦੇ ਕਈ ਅਹਿਲਕਾਰ ਅਮੀਰ ਹੀ ਨਹੀਂ ਬਣੇ ਸਗੋਂ ਸ਼ਾਹੂਕਾਰ ਬਣ ਗਏ । ਦੌਲਤ ਉਨ੍ਹਾਂ ਦੀਆਂ ਭੜੋਲੀਆਂ ਵਿਚ ਬੁੜ੍ਹਕਣ ਲੱਗ ਪਈ ।
ਲੋਕ ਰਾਗ ਦਰਬਾਰੀ ਦੇ ਬੜੇ ਸ਼ੌਕੀਨ ਸਨ । ਕਈ ਰਾਗ ਦਰਬਾਰੀ ਗਾ ਰਿਹਾ ਹੋਵੇ ਤਾਂ ਲਸੂੜੀ ਦੀ ਗਿਟਕ ਵਾਂਗ ਚਿੰਬੜ ਜਾਂਦੇ । ਦਰਬਾਰ ਦੀ ਹਾਜ਼ਰੀ ਵੀ ਭੁੱਲ ਜਾਂਦੇ । ਰਾਗ ਦਰਬਾਰੀ ਨੇ ਕਈ ਵਾਰ ਚੰਗੀਆਂ ਚੰਗੀਆਂ ਜੰਗਾਂ ਦਾ ਮੂੰਹ ਭਵਾਂ ਦਿੱਤਾ । ਦੁਸ਼ਮਣ ਨੇ ਝੁੱਗਾ ਲੁੱਟ ਲਿਆ ਤੇ ਘਰ ਵਾਲੇ ਅਲਾਪ ਸੁਣਦੇ ਰਹੇ । ਜਿੱਤੀ ਜੰਗ ਹਾਰ ਕੇ ਬਹਿ ਗਏ ਰਾਗ ਦਰਬਾਰੀ ਦੇ ਸ਼ੌਕੀਨ । ਮੈਨੂੰ ਇਨ੍ਹਾਂ ਰਾਗਾਂ ਤੋਂ ਬੜੀ ਨਫਰਤ ਸੀ । ਮੈਂ ਕਈ ਵਾਰ ਮੋੜਿਆ ਪਰ ਕੌਣ ਸੁਣਦਾ ਏ । ਆਖ਼ਰ ਮਜਬੂਰ ਹੋ ਕੇ ਇਕ ਸ਼ਾਹੀ ਐਲਾਨ ਕੀਤਾ 'ਕੋਈ ਮਰਦ ਤੀਵੀਂ ਗਾ ਵਜਾ ਨਹੀਂ ਸਕਦਾ' । ਉਨ੍ਹਾਂ ਦੇ ਘਰਾਂ ਵਿਚ ਉਸੇ ਵੇਲੇ ਸਫੇ ਮਾਤਮ ਵਿਛ ਗਈ, ਜਿਨ੍ਹਾਂ ਦੀ ਰੋਟੀ ਇਸੇ ਤੇ ਨਿਰਭਰ ਸੀ । ਜਿਨ੍ਹਾਂ ਮਹਿਫਲਾਂ ਵਿਚ ਮੁਜਰਾ, ਕੱਵਾਲੀ ਤੇ ਪੱਕੇ ਰਾਗ ਨਾਲ ਰੌਣਕ ਆਉਂਦੀ ਸੀ ਉਨ੍ਹਾਂ ਦੀ ਮਾਂ ਮਰ ਗਈ । ਮੈਂ ਉਨ੍ਹਾਂ ਦਿਨਾਂ ਵਿਚ ਪੱਕਾ ਮੁਸਲਮਾਨ ਬਣ ਚੁੱਕਾ ਸਾਂ ਤੇ ਮੇਰੇ ਮੋਢਿਆਂ ਤੇ ਇਸਲਾਮੀ ਰਾਜ ਦਾ ਭੂਤ ਸਵਾਰ ਸੀ । ਇਸਲਾਮ ਵਿਚ ਗਾਉਣਾ ਵਜਾਉਣਾ ਮਨ੍ਹਾਂ ਏ, ਇਹ ਫਿਰ ਕਿਉਂ ਮਨ-ਮਾਨੀ ਕਰਦੇ ਹਨ ।
ਇਸਲਾਮੀ ਹਕੂਮਤ ਦੀ ਅਸਲੀਅਤ ਦਾ ਮੈਨੂੰ ਹੁਣ ਪਤਾ ਲੱਗਾ ਏ । ਇਕ ਸੁਪਨਾ ਸੀ । ਜਿਸ ਬੰਦੇ ਨੇ ਰਾਤੀਂ ਵੇਖਿਆ ਦਿਨੇ ਭੁੱਲ ਗਿਆ, ਜਿਸ ਨੀਂਦ ਵਿਚ ਉਸਦੀ ਖੁਮਾਰੀ ਉਤਰ ਗਈ। ਜਿੱਥੇ ਵੀ ਇਸਲਾਮੀ ਰਾਜ ਦੇ ਡੰਕੇ ਵੱਜੇ ਉੱਥੇ ਨਾ ਰਾਜਾ ਰਿਹਾ ਨਾ ਤਖ਼ਤ । ਨਾ ਦਰਬਾਰ ਰਿਹਾ ਤੇ ਨਾ ਦਰਬਾਰੀ । ਸਿਰਫ ਤਲਵਾਰ ਹੀ ਭੜਕਦੀ ਨਜ਼ਰ ਆਈ। ਇਹ ਗੱਲ ਪਹਾੜੀ ਇਲਾਕੇ ਦੇ ਧਾੜਵੀਆਂ ਲਈ ਤੇ ਠੀਕ ਏ । ਅੱਜ ਇਕ ਰਾਜਾ ਬਣਿਆ ਤੇ ਕਲ੍ਹ ਦੂਜੇ ਦੀ ਵਾਰੀ ਆ ਗਈ। ਇਕ ਇਕ ਦਿਨ ਵਿਚ ਦੋ ਦੋ ਬਾਦਸ਼ਾਹ ਗੱਦੀ ਤੇ ਬੈਠੇ । ਪਰ ਹਿੰਦੁਸਤਾਨ ਤੇ ਸਾਡੀਆਂ ਕਈ ਪੁਸ਼ਤਾਂ ਨੇ ਰਾਜ ਕੀਤਾ ਏ । ਇਥੇ ਇਹ ਕਾਨੂੰਨ ਲਾਗੂ ਨਹੀਂ ਹੋ ਸਕਦਾ । ਜੀਹਦੀ ਲਾਠੀ ਉਹਦੀ ਮੱਝ । ਤਲਵਾਰ ਦਾ ਜ਼ਬਾਹ । ਜਿਸਦੇ ਹੱਥ ਤਿੱਖੀ ਤਲਵਾਰ ਉਹੋ ਈ ਰਾਜਾ ਫਿਰ ਕਿੱਥੇ ਗਿਆ ਮਜਹਬੀ ਕਾਨੂੰਨ । ਕਾਨੂੰਨ ਕਦੇ ਮਜ਼ਹਬੀ ਨਹੀਂ ਹੋਣਾ ਚਾਹੀਦਾ । ਇਹ ਦੇਸ਼ ਵੰਨ-ਸੁਵੰਨੇ ਧਰਮਾਂ ਦਾ ਗੜ੍ਹ ਦੇ । ਇਹ ਭਾਨਮਤੀ ਦਾ ਕੁਨਬਾ ਏ। ਇਥੇ ਇਸ ਤਰ੍ਹਾਂ ਦਾ ਰਾਜ ਨਹੀਂ ਚੱਲ ਸਕਦਾ। ਜਦੋਂ ਰਿਆਇਆ ਨੇ ਮੈਨੂੰ ਬਾਦਸ਼ਾਹ ਸਵੀਕਾਰ ਕਰ ਲਿਆ ਤਾਂ ਮੈਨੂੰ ਆਪਣੀਆਂ ਅੱਖਾਂ ਨਾਲ ਵੀ ਜ਼ਿਆਦਾ ਪਿਆਰ ਕਰਨਾ ਚਾਹੀਦਾ ਹੈ ਪਰਜਾ ਨਾਲ । ਮੈਨੂੰ ਮੌਲਵੀਆਂ ਨੇ ਗਲਤ ਰਸਤੇ ਦੱਸੇ । ਜੱਨਤ ਦੇ ਝੂਠੇ ਲਾਰੇ ਲਾ ਕੇ ਵਿਖਾਏ। ਮੈਂ ਉਨ੍ਹਾਂ ਦੇ ਝਾਂਸੇ