'ਚ ਆ ਕੇ ਇਸਲਾਮੀ ਰਾਜ ਦਾ ਐਲਾਨ ਕਰ ਦਿੱਤਾ । ਇਉਂ ਸਮਝ ਲਉ ਮੈਂ ਕਾਜ਼ੀਆਂ ਮੌਲਵੀਆਂ ਦਾ ਗ਼ੁਲਾਮ ਬਣ ਗਿਆ ਮੇਰੀ ਆਪਣੀ ਕੋਈ ਹੋਂਦ ਨਹੀਂ ਰਹੀ ! ਮੇਰੇ ਹਰ ਪਾਸੇ ਦੁਸ਼ਮਣ ਈ ਦੁਸ਼ਮਣ ਬਣ ਗਏ । ਮੈਂ ਦੋਸਤ ਘੱਟ ਬਣਾਏ। ਮੇਰਾ ਝੰਡਾ ਉੱਤਰ, ਪੂਰਬ, ਪੱਛਮ ਤੇ ਪਹਾੜ ਵਿਚ ਫੱਰਾਟੇ ਮਾਰੇ ਤੇ ਮੈਂ ਮੱਕੇ ਵਾਲਿਆਂ ਵੱਲ ਵੇਖਣ ਲੱਗ ਪਿਆ ।
ਰਾਗ ਨੂੰ ਇਸਲਾਮ ਵਿਚ ਹਰਾਮ ਨਹੀਂ ਮੰਨਿਆ ਗਿਆ। ਐਸ਼ੋ ਇਸ਼ਰਤ ਦੀਆਂ ਮਹਿਫਲਾਂ ਨਾ ਸਜਾਈਆਂ ਜਾਣ । ਇਹਦੇ ਤੋਂ ਪ੍ਰੇਹਜ਼ ਕੀਤਾ ਜਾਏ । ਵੈਸੇ ਇਬਾਦਤ ਤਾਂ ਰਾਗ ਵਿਚ ਵੀ ਕੀਤੀ ਜਾ ਸਕਦੀ ਹੈ । ਮੈਨੂੰ ਹਿੰਦੂਆਂ ਨਾਲ ਮਿਲ ਕੇ ਚੱਲਣਾ ਚਾਹੀਦਾ ਏ । ਮੈਂ ਸਖ਼ਤੀ ਕਰ ਰਿਹਾ ਸਾਂ ਤੇ ਰਾਗ ਦਰਬਾਰੀ ਗਾਉਣ ਵਾਲੇ ਸਿਰ ਚੁੱਕ ਰਹੇ ਸਨ । ਚੁੱਕਣ ਕਿਉਂ ਨਾ ਜਦੋਂ ਉਨ੍ਹਾਂ ਦੇ ਢਿੱਡ ਤੇ ਲੱਤ ਜੁ ਵੱਜਦੀ ਏ । ਉਨ੍ਹਾਂ ਦੀਆਂ ਚੀਕਾਂ ਤੇ ਨਿਕਲਣੀਆਂ ਈ ਨੇ । ਭੁੱਖਾ ਆਦਮੀ ਚਾਂਗਰਾਂ ਈ ਮਾਰੇਗਾ ਉਸ ਹੋਰ ਕਿਹੜੀ ਤਲਵਾਰ ਚੁੱਕਣੀ ਏ ?
ਜੁੰਮੇ ਦਾ ਦਿਨ ਸੀ ਤੇ ਮੈਂ ਜਾਮਾ ਮਸਜਿਦ ਵਿਚੋਂ ਨਮਾਜ਼ ਪੜ੍ਹਕੇ ਨਿਕਲ ਰਿਹਾ ਸਾਂ । ਦੋ ਕੁ ਹਜ਼ਾਰ ਬੰਦਿਆਂ ਦਾ ਇਕੱਠ ਜਿਨ੍ਹਾਂ ਜਨਾਜ਼ਾ ਚੁੱਕਿਆ ਹੋਇਆ ਸੀ । ਇਹ ਦਸਤੂਰ ਸੀ ਜਨਾਜ਼ੇ ਨੂੰ ਮਸਜਿਦ ਦਾ ਸਿਜਦਾ ਕਰਵਾ ਕੇ ਇਹ ਜਾਣਾ । ਰੋਂਦੇ, ਪਿੱਟਦੇ, ਲੋਕ ਸ਼ੋਰ ਮਚਾਉਂਦੇ ਜਾਮਾ ਮਸਜਿਦ ਦੇ ਕੋਲ ਦੀ ਲੰਘ ਰਹੇ ਸਨ । ਮੈਂ ਰੁਕ ਗਿਆ ।
—ਕਿਉਂ ਭਈ ਇਹ ਕੌਣ ਏ ? ਕਿਸ ਰਈਸ ਦਾ ਜਨਾਜ਼ਾ ਏ ?
ਲੋਕਾਂ ਨੇ ਸਿਰ ਤੇ ਦੁਹੱਥੜਾਂ ਮਾਰੀਆਂ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ, ਉੱਚੀ ਉੱਚੀ ਛਾਤੀ ਪਿੱਟਣ ਲੱਗੇ । ਅੱਖਾਂ ਵਿਚ ਮੱਕੀ ਦੇ ਦਾਣਿਆਂ ਜਿੱਡੇ ਅੱਥਰੂ ਕੇਰਦੇ ਆਖਣ ਲੱਗੇ,
—ਹਜ਼ੂਰ ! ਸ਼ਹਿਨਸ਼ਾਹ-ਏ-ਆਲਮ ਨੇ ਰਾਗ ਦਰਬਾਰੀ ਦਾ ਗਲਾ ਘੁੱਟ ਦਿੱਤਾ ਏਂ । ਰਾਗ ਦਾ ਸਾਹ ਘੁੱਟਿਆ ਗਿਆ ਏ ਤੇ ਉਹਦੀ ਮੌਤ ਹੋ ਗਈ ਏ । ਸੰਗੀਤਕਾਰ ਉਸਨੂੰ ਦੱਬਣ ਜਾ ਰਹੇ ਹਨ ।
ਮੈਂ ਹੱਸ ਪਿਆ ਤੇ ਆਖਿਆ-ਭਲਿਓ ਲੋਕ ! ਮੇਰੀ ਗੱਲ ਚੇਤੇ ਰੱਖਣੀ, ਇਸਨੂੰ ਡੂੰਘੀ ਜ਼ਮੀਨ ਪੁੱਟ ਕੇ ਦੱਬਿਓ ਮਤਾਂ ਫਿਰ ਮੁੜ ਕੇ ਨਾ ਨਿਕਲ ਆਏ ।
ਜਨਾਜ਼ਾ ਤੇ ਚਲਾ ਗਿਆ । ਉਨ੍ਹਾਂ ਰੋਸ ਪ੍ਰਗਟ ਕੀਤਾ, ਖੂਬ ਹਾਹਾਕਾਰ ਮਚਾਈ । ਇਸ ਸ਼ੋਰ- ਸ਼ਰਾਬੇ ਵਿਚ ਕਈ ਰਾਗੀ, ਸੰਗੀਤਕਾਰ, ਗਵੱਈਏ ਤਲਵਾਰ ਦੀ ਭੇਟ ਚੜ੍ਹ ਗਏ । ਚੰਗੀ ਗਿੱਦੜ ਕੁੱਟ ਵੀ ਹੋਈ । ਚਾਵੜੀ ਬਾਜ਼ਾਰ ਵਿਚ ਉਸ ਦਿਨ ਖੂਨ ਦੀ ਹੋਲੀ ਖੇਡੀ ਗਈ। ਇਹ ਵੀ ਇਸਲਾਮੀ ਹਕੂਮਤ ਦੀਆਂ ਬਰਕਤਾਂ ਸਨ । ਉਨ੍ਹਾਂ ਮੇਰੇ ਖਿਲਾਫ ਇਕ ਬੜੀ ਵੱਡੀ ਸਾਜ਼ਸ਼ ਖੜੀ ਕਰ ਦਿੱਤੀ ਏ । ਇਹ ਭੰਡ, ਮਰਾਸੀ, ਛੱਟੇ ਫੂਕੇ ਲੋਕ ਘਰ ਘਰ ਜਾਣ ਵਾਲੇ, ਇਨ੍ਹਾਂ ਨਫਰਤ ਦੀ ਅੱਗ ਭੜਕਾ ਦਿੱਤੀ ਮੇਰੇ ਖਿਲਾਫ਼ । ਹਕੂਮਤ ਦਾ ਤਖ਼ਤ ਡੋਲ ਜਾਂਦਾ, ਥਿੜਕ ਜਾਂਦੇ ਉਹਦੇ ਪਾਵੇ ਜੇ ਮੈਂ ਫਿਰ ਕਤਲ ਨਾ ਕਰਾਉਂਦਾ । ਦੁਸ਼ਮਣ ਪਲ ਰਹੇ ਸਨ ਤੇ ਮੈਂ ਕਿਲੇ ਵਿਚ ਬੈਠਾ ਆਰਾਮ ਦੀ ਬੰਸਰੀ ਵਜਾ ਰਿਹਾ ਸਾਂ ।
ਬਜ਼ਾਰੇ ਹੁਸਨ ਵੀ ਇਸੇ ਹੁਕਮ ਦੀ ਲਪੇਟ ਵਿਚ ਆ ਗਿਆ। ਮਲੀਆ ਮੇਟ ਹੋ ਗਏ ਕੋਠੇ । ਕਲਾ ਦੀ ਸੰਘੀ ਘੁੱਟੀ ਗਈ । ਮਹਿਫਲਾਂ ਵੀ ਉੱਜੜ ਗਈਆਂ। ਅੱਗੇ ਵੀ ਸ਼ਰੇਆਮ ਸੀ ਤੇ ਹੁਣ ਚੋਰੀ ਚੋਰੀ ਹੋਣ ਲੱਗ ਪਿਆ। ਮੈਂ ਇਕ ਬਾਜ਼ਾਰ ਉਜਾੜਿਆ ਇਹੋ ਜਿਹੇ ਬਾਜ਼ਾਰ ਹਰ ਗਲੀ ਵਿਚ