ਚਿਹਰਾ ਲਾਲ ਸੂਹਾ ਹੋ ਗਿਆ ਬਾਗੜ ਬਿੱਲੇ ਵਰਗਾ । ਮੇਰਾ ਜਿਸਮ ਕੰਬਿਆ ਧਰੇਕ ਦੀ ਛਿੱਟੀ ਵਾਂਗ ਤੇ ਮੇਰੇ ਅੰਦਰ ਇੰਤਕਾਮ ਦੀ ਅੱਗ ਭੜਕ ਉਠੀ । ਮੈਂ ਆਖਿਆ ਹਾਥੀਵਾਨ ਨੂੰ ਕਿ ਹਾਥੀ ਤੇਰਾ ਆਖਾ ਵੀ ਨਹੀਂ ਮੰਨਦਾ। ਹਾਥੀਵਾਨ ਨੇ ਜਵਾਬ ਦਿੱਤਾ,ਹਜ਼ੂਰ ! ਬੇਜ਼ਬਾਨ ਏ ਅੱਜ ਨਹੀਂ ਤੇ ਕਲ੍ਹ ਮੰਨ ਜਾਏਗਾ । ਸੱਤਾਂ ਦਿਨਾਂ ਮਗਰੋਂ ਹਾਥੀ ਫਿਰ ਦਰਬਾਰ ਵਿਚ ਆਇਆ ਤੇ ਫਿਰ ਸਹੋ ਦੀਆਂ ਤਿੰਨੇ ਲੱਤਾਂ । ਹਾਥੀਵਾਨ ਸ਼ਰਮਿੰਦਗੀ ਵਿਚ ਉਸ ਨੂੰ ਵਾਪਿਸ ਲੈ ਗਿਆ ।
ਹਾਥੀਵਾਨ ਦੇ ਵੀ ਦੁਸ਼ਮਣ ਸਨ ਦਰਬਾਰ ਵਿਚ, ਆਖਣ ਲੱਗੇ, ਜੇ ਹਾਥੀਵਾਨ ਚਾਹਵੇ ਤਾਂ ਹਾਥੀ ਪੈਰਾਂ ਭਾਰ ਹੋ ਕੇ ਸਲਾਮ ਕਰੇ, ਇਹਦੇ ਕੰਨ ਵਿਚ ਇਸ ਫੂਕ ਮਾਰੀ ਏ ਹਾਥੀ ਐਵੇਂ ਨਹੀਂ ਲੋਹੇ ਦੀ ਲੱਠ ਬਣ ਗਿਆ । ਹਾਥੀਵਾਨ ਇਹਦੇ ਕੰਨ ਮਰੋੜ ਸਕਦਾ ਏ, ਨਹੀਂ ਤਾਂ ਹਾਥੀ ਨੇ ਖੁਦਾ ਦੀ ਵੀ ਗੱਲ ਨਹੀਂ ਮੰਨਣੀ ।
ਮੈਂ ਆਖਿਆ,—ਇਹਨੂੰ ਭੁੱਖਾ ਰੱਖਿਆ ਜਾਏ, ਇਹਦੇ ਉੱਤੇ ਗਰਮ ਪਾਣੀ ਪਾਇਆ ਜਾਏ। ਹਾਥੀ ਤੇ ਗਰਮ ਪਾਣੀ ਦਾ ਇੱਟ ਘੜੇ ਦਾ ਵੈਰ । ਪਰ ਉਸ ਤਿੱਖੜ ਦੁਪਹਿਰ ਵਿਚ ਆਪਣੇ ਤੇ ਮਣਾਂ ਮੂੰਹੀ ਪਾਣੀ ਪੁਆਇਆ ਤੇ ਸਹਿ ਗਿਆ। ਧੰਨ ਦੇ ਹਾਥੀ, ਜਿਸ ਮੇਰੀਆਂ ਸਾਰੀਆਂ ਸਖਤੀਆਂ ਸਰੀਰ ਤੇ ਸਹੀਆਂ ਪਰ ਸੀ ਨਾ ਕੀਤੀ । ਆਪਣੀ ਜ਼ਿਦ ਤੋਂ ਨਾ ਮੁੜਿਆ। ਮੈਂ ਦਿਨ-ਬ-ਦਿਨ ਸਖਤੀ ਕਰਦਾ ਰਿਹਾ, ਪਰ ਹਾਥੀ ਵੀ ਠੰਢਾ ਕਲੇਜਾ ਕਰਕੇ ਸਹਿੰਦਾ ਰਿਹਾ । ਆਖਰੀ ਦਮ ਤੱਕ ਨਾ ਟਲਿਆ। ਆਖ਼ਰ ਇਕ ਦਿਨ ਮੈਂ ਮਜਬੂਰ ਕੀਤਾ ਤੇ ਹਾਥੀ ਨੂੰ ਫਿਰ ਦਰਬਾਰ ਵਿਚ ਸੱਦਿਆ, ਸਲਾਮ ਕਰਨ ਲਈ ਆਖਿਆ । ਹਰ ਤਰ੍ਹਾਂ ਦੀ ਜ਼ੋਰ ਅਜਮਾਈ ਕੀਤੀ ਗਈ । ਹਾਥੀਵਾਨ ਨੇ ਹਾਰ ਮੰਨ ਲਈ । ਨੇਜ਼ਿਆਂ ਦੇ ਮੂੰਹ ਖੁੰਡੇ ਹੋ ਗਏ ਪਰ ਹਾਥੀ ਚੱਟਾਨ ਵਾਂਗ ਖਲੋਤਾ ਰਿਹਾ । ਲਹੂ ਲੁਹਾਨ ਹੋਇਆ ਹਾਥੀ ਘੇਰੇ ਵਿਚ ਲੈ ਕੇ ਖਾਈ ਵਿਚ ਕੈਦ ਕਰ ਦਿੱਤਾ । ਬਲਿਹਾਰ ਜਾਈਏ ਉਸ ਹਾਥੀ ਦੇ ਉਸ ਵੀ ਕਿਸੇ ਚੀਜ਼ ਨੂੰ ਮੂੰਹ ਨਹੀਂ ਮਾਰਿਆ । ਹਵਾ ਫੱਕ ਕੇ ਢਿੱਡ ਭਰਦਾ ਰਿਹਾ। ਸੱਤ ਦਿਨ ਦੀ ਕੈਦ ਮਗਰੋਂ ਹਾਥੀ ਨੂੰ ਕੱਢਿਆ ਗਿਆ ਤੇ ਉਹ ਫੌਜ ਦਾ ਘੇਰਾ ਤੋੜ ਕੇ ਅੱਗੇ ਲੱਗ ਕੇ ਨੱਸ ਉਠਿਆ । ਉਹਦੇ ਸਾਹਮਣੇ ਕੋਈ ਬੰਦਾ ਦਮ ਨਹੀਂ ਸੀ ਮਾਰਦਾ । ਸਾਰਿਆਂ ਦੀ ਹਵਾ ਸਰਕ ਜਾਂਦੀ ਉਹਦਾ ਨਾਂ ਸੁਣ ਕੇ । ਉਹ ਐਨਾ ਮਸਤ ਹੋਇਆ, ਐਨਾ ਮੱਛਇਆ ਐਨਾ ਬੇਸੁੱਧ ਤੇ ਮੂੰਹ ਜ਼ੋਰ ਹੋ ਗਿਆ ਕਿ ਉਸ ਤਾਜ ਮਹਿਲ ਵੱਲ ਮੂੰਹ ਕਰ ਲਿਆ । ਛਾਲਾਂ ਮਾਰਦਾ ਹਾਥੀ ਤਾਜ ਮਹਿਲ ਵਿਚ ਪੁੱਜ ਗਿਆ। ਜਿੱਥੇ ਸ਼ਾਹ ਜਹਾਨ ਆਪਣੀ ਕਬਰ ਵਿਚ ਸੁੱਤਾ ਪਿਆ ਸੀ । ਉਹਦੀ ਕਬਰ ਨੂੰ ਸੱਤ ਸਲਾਮਾਂ ਕੀਤੀਆਂ ਹਾਥੀ ਨੇ । ਮੈਂ ਵੀ ਮਗਰ ਗਿਆ ਹਾਥੀ ਨੂੰ ਵੇਖਣ। ਉਸ ਮੇਰੇ ਵੱਲ ਮੂੰਹ ਕੀਤਾ ਇਕ ਚਾਂਗਰ ਮਾਰੀ ਤੇ ਆਹ ਦਾ ਨਾਹਰਾ ਮਾਰਿਆ ਤੇ ਦਮ ਤੋੜ ਦਿੱਤਾ ।
ਹਾਥੀਵਾਨ ਆਖ ਰਿਹਾ ਸੀ,—ਮੇਰਾ ਹਾਥੀ ਸਿਰਫ ਸ਼ਾਹ ਜਹਾਨ ਲਈ ਪੈਦਾ ਹੋਇਆ ਸੀ ਉਸੇ ਲਈ ਮਰ ਗਿਆ । ਕੋਈ ਖੁਦਾਈ ਫਰਿਸ਼ਤਾ ਸੀ । ਸਾਰੀ ਜ਼ਿੰਦਗੀ ਜਿਸ ਜੰਗ ਵਿਚ ਖਲਿਕਦਾਦ ਗਿਆ ਫਤਿਹ ਨੇ ਉਹਦੇ ਪੈਰ ਚੁੰਮੇ । ਉਹ ਅੱਲਾ ਤਾਲਾ ਦਾ ਹਾਥੀ ਸੀ । ਹਿੰਦੁਸਤਾਨ ਨੇ ਸਦਾ ਉਸ ਹਾਥੀ ਦਾ ਲੋਹਾ ਮੰਨਿਆ । ਸ਼ਾਹ ਜਹਾਨ ਉਸ ਨੂੰ ਆਪਣੇ ਪਿਓ ਨਾਲੋਂ ਵੀ ਜਿਆਦਾ ਪਿਆਰਾ ਸੀ । ਜਦੋਂ ਮੈਂ ਇਕ ਬੇਜਬਾਨ ਨਾਲ ਐਨੀ ਜਿਆਦਤੀ ਕਰ ਸਕਦਾ ਹਾਂ ਤਾਂ ਕੀ ਉਹਦੀ ਬਦ-ਦੁਆ ਮੈਨੂੰ ਰਾਤੀਂ ਸੌਣ ਦੇਵੇਗੀ, ਕਦੇ ਨਹੀਂ। ਇਹ ਸੇਰੀ ਜਿੰਦਗੀ ਦੇ ਅਮਲ ਹਨ। ਕੀ ਹੋਇਆ ਜੇ ਮੈਂ ਬਾਦਸ਼ਾਹ ਹਾਂ !