ਇਕ ਫਕੀਰ ਅੱਲਾ ਦੀ ਆਵਾਜ ਆ ਰਹੀ ਸੀ :-
ਟੁਕੜੇ ਟੁਕੜੇ ਦੇਹ ਹੋ, ਤਨ ਸੇ ਨਿਕਲੇ ਪ੍ਰਾਣ
ਤਬਹੂੰ ਮੁੱਖ ਸੋ ਤਿਆਗੂੰ ਨਹੀਂ, ਪਿਆ ਨਾਮ ਕੀ ਤਾਣ।
ਔਰੰਗਜ਼ੇਬ ਪਾਲਕੀ 'ਚ ਬੈਠਾ ਸੋਚੀ ਜਾ ਰਿਹਾ ਸੀ ।
ਜਿਸ ਬਾਦਸ਼ਾਹ ਦੇ ਜਾਸੂਸ ਤਕੜੇ ਹਨ, ਬਾਦਸ਼ਾਹ ਖ਼ਬਰਦਾਰ ਏ, ਉਹਦੀ ਹਕੂਮਤ ਨੂੰ ਸੱਤੇ ਖੈਰਾਂ ਨੇ । ਜਦ ਬਾਦਸ਼ਾਹ ਵੀ ਬੇਖ਼ਬਰ ਹੋਇਆ ਕਿਸੇ ਨੇ ਗਾਟਾ ਵੱਢਿਆ ਤੇ ਬੋਲੇ ਸੋ ਰਾਮ ਬੁਲਾ ਦਿੱਤੀ । ਬਾਦਸ਼ਾਹ ਨੂੰ ਪਲ-ਪਲ ਦੀ ਖ਼ਬਰ ਹੋਣੀ ਚਾਹੀਦੀ ਏ । ਇਕ ਜਾਸੂਸ ਦਾ ਦੂਜੇ ਜਾਸੂਸ ਨੂੰ ਪਤਾ ਨਹੀਂ ਲੱਗਣਾ ਚਾਹੀਦਾ । ਕਿਹੜਾ ਅਫਸਰ ਜਾਸੂਸੀ ਕਰਦਾ ਏ ਤੇ ਕਿਹੜੇ ਮੁਹੱਲੇ ਦੀ ਔਰਤ ਮੁਖਬਰੀ ਕਰ ਕੇ ਆਪਣਾ ਢਿੱਡ ਪਾਲਦੀ ਏ । ਜਾਸੂਸ ਸਫੈਦ ਕੱਪੜਿਆਂ ਵਿਚ, ਫ਼ਕੀਰੀ ਬਾਣੇ ਵਿਚ ਮਸਤ ਮੌਲਾ, ਪਾਟੀਆਂ ਲੀਰਾਂ ਹੰਢਾਉਣ ਵਾਲਾ ਮਲੰਗ, ਘੋੜ ਚੜ੍ਹੇ ਸਵਾਰ, ਵੱਡੀਆਂ-ਵੱਡੀਆਂ ਹਵੇਲੀਆਂ ਵਾਲੇ ਰਾਜਪੂਤ, ਮੁੱਛਾਂ ਨੂੰ ਮਰੋਡੇ ਦੇਣ ਵਾਲੇ ਮੁਗਲ, ਬੁਰਕਾਪੋਸ਼ ਔਰਤਾਂ ਕਿੰਨੇ ਜਾਸੂਸਾਂ ਦੇ ਕੰਠ ਜੱਟਦੀਆਂ, ਕਿਹੜੀ ਬੇਗਮ ਕਿਸ ਵੇਲੇ ਕਿਹੜੇ ਬੰਦੇ ਜਾਂ ਔਰਤ ਨਾਲ ਕਾਨਾਫੂਸੀ ਕਰ ਰਹੀ ਸੀ ? ਕੀ ਆਖ ਰਹੀ ਸੀ ? ਉਹਦਾ ਲਹਿਜਾ ਕਿਹੋ ਜਿਹਾ ਸੀ ? ਉਹਦੀਆਂ ਅੱਖਾਂ ਦਾ ਰੰਗ ਕਿਹੋ ਜਿਹਾ ਸੀ ? ਅੱਖਾਂ ਬਿੱਲੀਆਂ ਸਨ ਜਾਂ ਕਾਲੀਆਂ । ਮਹਿੰਦੀ ਦਾ ਰੰਗ ਫਿੱਕਾ ਸੀ ਜਾਂ ਗੂਹੜਾ ? ਸਾਜਿਬ ਮਹਿਲ ਬਾਰੇ ਹੋ ਰਹੀ ਸੀ ਜਾਂ ਕਿਸੇ ਅਹਿਲਕਾਰ ਬਾਰੇ ! ਬਾਦਸ਼ਾਹ ਨੂੰ ਪਲ-ਪਲ ਦੀ ਖ਼ਬਰ ਪੁੱਜੇਗੀ । ਵੇਲੇ ਕੁਵੇਲੇ ਜਾਸੂਸ ਆਪਣੀਆਂ ਖ਼ਬਰਾਂ ਦੇਣ ਬਾਦਸ਼ਾਹ ਨੂੰ ਰਾਤ-ਬਰਾਤੇ ਵੀ ਜਾਂਦੇ । ਉਨ੍ਹਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ। ਮਾੜਾ ਜਿਹਾ ਸ਼ਾਹੀ ਪਰਵਾਨਾ ਵਿਖਾਇਆ ਤੇ ਦੀਵਾਨੇ ਖ਼ਾਸ ਵਿਚ । ਲੋੜ ਪੈਣ ਤੇ ਹਰਮ ਦੀਆਂ ਖਿੜਕੀਆਂ ਵੀ ਖੁਲ੍ਹਵਾ ਲੈਂਦੇ ਸਨ ।
ਇਕ ਛਕੀਰ ਆਖਣ ਲੱਗਾ-ਅੱਜ ਕਲ੍ਹ ਫਕੀਰਾਂ ਦਾ ਇਕ ਟੋਲਾ ਦਿੱਲੀ ਵਿਚ ਗਸ਼ਤ ਕਰ ਰਿਹਾ ਏ । ਆਪਣੇ ਆਪ ਨੂੰ ਪੈਗੰਬਰਾਂ ਦੀ ਔਲਾਦ ਦੱਸਦਾ ਏ । ਉਨ੍ਹਾਂ ਦੀ ਸ਼ਾਨੇ-ਸ਼ੌਕਤ ਸਾਹਾਨਾ ਏ! ਉਨ੍ਹਾਂ ਦੇ ਟਿਕਾਣੇ ਧਨਾਢ ਲੋਕਾਂ ਦੇ ਘਰ ਹਨ । ਸੂਬੇਦਾਰ, ਜਰਨੈਲ, ਸ਼ਾਹੂਕਾਰ ਜਾਂ ਸ਼ਾਹੀ ਹਰਮ ਦੇ ਆਸ਼ਕ । ਉਨ੍ਹਾਂ ਤੋਂ ਮੋਟੀਆਂ-ਮੋਟੀਆਂ ਰਕਮਾਂ ਮੁੱਛਣੀਆਂ ਤੇ ਮੋਟੀਆਂ-ਮੋਟੀਆਂ ਗੱਲਾਂ ਕਰਨੀਆ। ਗਪੌੜੇ ਮਾਰਨੇ ਤੇ ਇਕ ਅੱਧਾ ਗਪੌੜਾ ਨੇਪਰੇ ਚੜ੍ਹ ਜਾਣਾ । ਬਹੁਤਿਆਂ ਦੇ ਕੰਮ ਆਪੇ ਈ ਸਿਰੇ ਚੜ੍ਹ ਜਾਂਦੇ ਸਨ । ਉਨ੍ਹਾਂ ਦਿੱਲੀ ਲੁੱਟ ਕੇ ਖਾ ਲਈ ਸੀ । ਸ਼ਹਿਜਾਦੇ ਉਨ੍ਹਾਂ ਦੀ ਸਰਦਲ ਤੇ ਮੱਥਾ ਟੇਕਦੇ ਸਨ । ਖਵਾਜਾ ਸਰਾਵਾਂ ਦੇ ਹੱਥ ਰੰਗੇ ਗਏ । ਬੇਗਮਾਂ ਦੀਆਂ ਮੁਲਾਕਾਤਾਂ ਕਰਾਉਣੀਆਂ ਬੰਦ ਕਮਰਿਆਂ ਵਿਚ ਤੇ ਨੱਸਣ ਦਾ ਰਾਹ ਵੀ ਦੱਸਣਾ । ਚੋਰ ਘੁਰਨੀਆਂ ਦੇ ਦਰਵਾਜ਼ੇ ਵੀ ਵਿਖਾ ਦੇਣੇ । ਫਕੀਰਾਂ ਦੇ ਟੋਲੇ ਨੇ ਚੰਗੀ ਝੰਡ ਲਾਹੁਣੀ । ਖਵਾਜਾ ਸਰਾਅ ਨੇ ਆਪਣੀ ਮੁੱਛ ਗਰਮ ਕਰਨੀ 'ਚੜ੍ਹ ਜਾ ਬੇਟਾ ਸੂਲੀ ਰਾਮ ਭਲੀ ਕਰੂ । ਬਾਗੀ ਨੂੰ ਉਸ਼ਕਲ ਦੇਣੀ ਤੇ ਆਪਣੀ ਹੀਰਿਆਂ ਵਾਲੀ ਤਸਵੀ ਦੇ ਮਣਕੇ ਹੋਰ ਛੱਡਣੇ। ਖੁਫੀਆ ਅੱਡੇ ਦਿੱਲੀ ਵਿਚ ਤਖ਼ਤ ਦੇ ਵਾਰਿਸ ਪੈਦਾ ਕਰ ਰਹੇ ਸਨ।