ਰਹੇ ਸਾਂ । ਉਸ ਬਾਦਸ਼ਾਹ ਨੂੰ ਵੀ ਸਲਾਮ ਕੀਤੀ ਤੇ ਦਾਰਾ ਨੂੰ ਵੀ, ਜਦੋਂ ਮੇਰੀ ਵਾਰੀ ਆਈ ਤਾਂ ਉਸ ਮੂੰਹ ਫੇਰ ਲਿਆ। ਉਦੋਂ ਮੈ ਕੁਝ ਨਹੀਂ ਸਾਂ ਕਰ ਸਕਦਾ, ਮੇਰੇ ਹੱਥ ਪੱਲੇ ਕੁਝ ਨਹੀਂ ਸੀ । ਪਰ ਅੱਲ੍ਹਾ ਨੇ ਮੈਨੂੰ ਬਾਦਸ਼ਾਹ ਬਣਾਇਆ ਤਾਂ ਮੈਂ ਆਪਣੀ ਬਦਨਾਮੀ ਦਾ ਧੱਬਾ ਉਹਦੇ ਤੱਤੇ-ਤੱਤੇ ਲਹੂ ਨਾਲ ਧੋਤਾ ।
ਮੈਂ ਕਿੰਨੇ ਕੁ ਧੱਬੇ ਗਿਣ ਕੇ ਦੱਸਾਂ । ਮੇਰੀ ਗਠੜੀ ਗੁਨਾਹਾਂ ਨਾਲ ਭਰੀ ਪਈ ਏ। ਮੈਂ ਗੁਨਾਹਗਾਰ ਹਾਂ। ਯਾਰੋ ਉਹ ਬੱਚਾ ਏ ਅਜੇ ਮਾਸੂਮ ਏ । ਉਹਦੀ ਚਾਦਰ ਨੂੰ ਤੇ ਕਿਤੇ ਇਕ ਦਾਗ਼ ਵੀ ਨਹੀਂ ਹੋਣਾ । ਉਹ ਪਾਰਸਾ ਏ ਗੁਰੂਆਂ ਦਾ ਪੁੱਤ ਏ, ਰੱਬੀ ਜੋਤ ਉਹਦੇ ਅੰਦਰ ਪ੍ਰਵੇਸ਼ ਕਰ ਚੁੱਕੀ ਏ । ਉਹਦੀ ਜ਼ਬਾਨ 'ਚੋਂ ਜਿਹੜਾ ਸ਼ਬਦ ਨਿਕਲੇ ਉਹ ਸੱਤ ਹੋਵੇਗਾ । ਫ਼ਕੀਰਾਂ ਦੀ ਆਤਮਾ ਨੂੰ ਨਾ ਤਪਾਓ ਕਿਤੇ ਸਾੜ ਕੇ ਸੁਆਹ ਨਾ ਕਰ ਦੇਵੇ । ਚਲੋ ਅੱਜ ਨਹੀਂ ਤੇ ਕੱਲ੍ਹ ਮੰਨ ਜਾਊ ।
ਮੇਰੀ ਪਾਲਕੀ ਸੁਨਹਿਰੀ ਏ । ਇਸ ਸੋਨੇ ਰੰਗੀ ਰਹਿਣਾ ਏ ਭਾਵੇਂ ਕਿੰਨੀ ਵੀ ਗੁਨਾਹਗਾਰ ਕਿਉਂ ਨਾ ਹੋਵੇ । ਉਹ ਰੱਬ ਦਾ ਪੁੱਤ ਏ, ਗੁਰੂ ਦੀ ਅੰਸ਼ ਏ, ਕਿੰਨਾ ਵੱਡਾ ਫ਼ਰਕ ਏ ਉਹਦੇ ਤੇ ਮੇਰੇ ’ਚ ।
ਪਾਲਕੀ ਖੜ੍ਹੀ ਸੀ । ਪਾਲਕੀ ਵਾਲੇ ਖ਼ਾਮੋਸ਼ ਸਨ । ਅੰਗ ਰਖਸ਼ਕ ਆਪੋ ਆਪਣੀ ਥਾਂ ਤੇ ਕਿੱਲਿਆਂ ਵਾਂਗ ਗੱਡੇ ਹੋਏ ਸਨ । ਔਰੰਗਜ਼ੇਬ ਦੇ ਵਿਚਾਰਾਂ ਦੀ ਭੌਣੀ ਭੌਂ ਰਹੀ ਸੀ ।