Back ArrowLogo
Info
Profile

ਮਸੰਦ ਨੇ ਆ ਕੇ ਸਲਾਮ ਕੀਤੀ ਤੇ ਆਖਣ ਲੱਗਾ, ਅੰਨਦਾਤਾ ਵੇਖਿਆ ਜੇ ਮੇਰੇ ਸਤਿਗੁਰ ਤੇ ਇਸ ਗੁਸਤਾਖ ਬੱਚੇ ਵਿਚ ਫਰਕ । ਐਨਾ ਬਦਤਮੀਜ਼ ਗੱਦੀ ਦਾ ਕਿੱਦਾਂ ਵਾਰਿਸ ਹੋ ਸਕਦਾ ਹੈ ? ਜਿਸ ਨੂੰ ਹਦਾਇਤ ਈ ਨਹੀਂ ਦਿੱਤੀ ਗਈ ਕਿ ਉਸ ਨੇ ਵੱਡਿਆਂ ਦਾ ਸਤਿਕਾਰ ਕਰਨਾ ਏ । ਇੱਜ਼ਤ ਕਰਨੀ ਏ ਬਜ਼ੁਰਗਾਂ ਦੀ ਸਫੈਦ ਦਾੜ੍ਹੀਆਂ ਨੂੰ ਮੱਥਾ ਟੇਕਣਾ ਏ ! ਯਾਰੋ ਬਾਦਸ਼ਾਹ ਬੂਹੇ ਤੇ ਖੜ੍ਹਾ ਹੋਵੇ, ਉਸ ਨੂੰ ਨਜ਼ਰਾਨਾ ਭੇਜਣਾ ਚਾਹੀਦਾ ਸੀ । ਆਪ ਆ ਕੇ ਹੱਥ ਜੋੜ ਕੇ ਪ੍ਰਣਾਮ ਕਰਨੀ ਚਾਹੀਦੀ ਸੀ । ਪਰ ਇਹ ਮੁੰਡਾ ਬਿਲਕੁਲ ਚੌੜ ਚਾਨਣ ਏ ਗੁਰ-ਗੱਦੀ ਦੇ ਲਾਇਕ ਨਹੀਂ । ਹਜੂਰ ਆਪ ਈ ਫੈਸਲਾ ਕਰਨ ਕਿ ਮੇਰੇ ਗੁਰੂ ਰਾਮ ਰਾਇ ਵਿਚ ਤੇ ਇਹਦੇ ਵਿਚ ਜ਼ਮੀਨ ਅਸਮਾਨ ਦਾ ਫਰਕ ਨਹੀਂ ਮੇਰਾ ਗੁਰੂ ਝੂਠ ਨਹੀਂ ਬੋਲਦਾ । ਪਿਤਾ ਜੀ ਨੇ ਇਹਦੇ ਨਾਲ ਬੇਇਨਸਾਫ਼ੀ ਵਰਤੀ ਏ ਤੇ ਜਬਰਦਸਤੀ ਇਥੋਂ ਤਕ ਕੀਤੀ ਏ ਕਿ ਇਕ ਦੁੱਧ ਪੀਂਦੇ ਬੱਚੇ ਨੂੰ ਗੱਦੀ ਬਖ਼ਸ਼ ਦਿੱਤੀ ਏ । ਬਾਦਸ਼ਾਹ ਜੇ ਸਾਨੂੰ ਸਾਡਾ ਹੱਕ ਨਾ ਦੁਆਵੇਂ ਤਾਂ ਅਸੀਂ ਕਿਹੜੇ ਦੁਆਰੇ ਜਾਈਏ । ਜਿਹੜਾ ਮੁੰਡਾ ਅਜੇ ਗੁੱਲੀ-ਡੰਡਾ ਵੀ ਨਹੀਂ ਖੇਡ ਸਕਦਾ ਉਹ ਗੱਦੀ ਤੇ ਕਿਵੇਂ ਬੈਠ ਸਕਦਾ ਏ ? ਇਹ ਜ਼ਹਿਰੀਲੇ ਸੱਪ ਇਕ ਦਿਨ ਹਕੂਮਤ ਲਈ ਸਿਰ ਦਰਦੀ ਬਣ ਜਾਣਗੇ । ਜ਼ਰਾ ਕੁ ਜੁਆਨੀ ਚੜ੍ਹਨ ਦਿਓ ਜੇ ਇਨ੍ਹਾਂ ਅੱਖਾਂ ਨਾ ਕੱਢੀਆਂ ਅਤੇ ਘੁਰਕੀਆਂ ਨਾ ਲਈਆਂ ਤਾਂ ਮੇਰਾ ਨਾਂ ਵਟਾ ਦਿਓ । ਮੈਂ ਉਹਦੇ ਕੋਲੋਂ ਮੋਹਰਾਂ ਨਹੀਂ ਲੈਣੀਆਂ ਤੇ ਮੇਰੇ ਗੁਰੂ ਨੇ ਮੈਨੂੰ ਸੋਨੇ ਦਾ ਮਹਿਲ ਨਹੀਂ ਬਣਾ ਦੇਣਾ । ਮੈਂ ਤੇ ਦੁੱਧ ਵਿਚ ਰਲਿਆ ਪਾਣੀ ਹਜ਼ੂਰ ਨੂੰ ਨਿਤਾਰ ਕੇ ਵਿਖਾ ਰਿਹਾ ਹਾਂ। ਦੁੱਧ ਵਿਚ ਮੱਖੀ ਪੈ ਗਈ ਏ ਬਾਦਸ਼ਾਹ ਕੱਢੇ ਤੇ ਨਿਕਲੇ । ਦਾਸ ਨੇ ਅਰਜ਼ ਕਰਨੀ ਸੀ ਕਰ ਦਿੱਤੀ ਤੇ ਅੱਗੇ ਬਾਦਸ਼ਾਹ ਮਾਲਕ !

ਬਾਦਸ਼ਾਹ ਚੁੱਪ ਸੀ ।

—ਜਾਹ ਭਲਿਆ ਲੋਕਾ ! ਮੈਨੂੰ ਹੋਰ ਕਿਉਂ ਨਰਕ ਦੀ ਪੌੜੀ ਚੜ੍ਹਾਉਣ ਲੱਗਾ ਏਂ । ਇਹ ਗੱਲ ਬਾਦਸ਼ਾਹ ਨੇ ਆਪਣੇ ਦਿਲ ਵਿਚ ਈ ਸੋਚੀ।

ਮਸੰਦ ਫਿਰ ਬੋਲਿਆ,—ਅੰਨ-ਦਾਤਾ ! ਕਿੱਥੇ ਇਹ ਬਾਲ ਤੇ ਕਿੱਥੇ ਮੇਰਾ ਸਤਿਗੁਰ । ਮੇਰੇ ਗੁਰੂ ਦੇ ਕਮਾਲ ਵੇਖ ਕੇ ਦਿੱਲੀ ਮੂੰਹ ਵਿਚ ਉਂਗਲਾ ਪਾ ਰਹੀ ਏ । ਸਾਰੀ ਦਿੱਲੀ ਮਤੀਹ ਹੋ ਗਈ ਏ। ਹਜ਼ੂਰ ਨੇ ਵੀ ਕਰਾਮਾਤਾਂ ਵੇਖ ਲਈਆਂ ਨੇ, ਮੇਰਾ ਗੁਰੂ ਪਹੁੰਚਿਆ ਫ਼ਕੀਰ ਏ ਰੱਬ ਦਾ ਪਿਆਰਾ । ਪਿਤਾ ਜੀ ਨੇ ਨਿਗੂਣੀ ਜਿਹੀ ਗੱਲ ਤੇ ਘਰੋਂ ਕੱਢ ਦਿੱਤਾ । ਹਿੱਸਾ ਈ ਮੁਕਾ ਦਿੱਤਾ ਜਿਵੇਂ ਉਹ ਪਲੇਠੀ ਦਾ ਪੁੱਤ ਈ ਨਾ ਹੋਵੇ । ਵਿਚੋਂ ਗੱਲ ਕੀ ਸੀ ? ਬਾਣੀ ਵਿਚ ਇਕ ਸ਼ਬਦ ਈ ਬਦਲਿਆ ਸੀ ਨਾ । ਉਹਦੇ ਨਾਲ ਬਾਣੀ ਦਾ ਕਿਹੜਾ ਰੰਗ ਰੂਪ ਬਦਲ ਗਿਆ :-

ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ

ਘੜ ਭਾਂਡੇ ਇਟਾਂ ਕੀਆ ਜਲਤੀ ਕਰੇ ਪੁਕਾਰ ॥

28 / 52
Previous
Next