ਇਹ ਕਿਹੜੀ ਭੁੱਲ ਏ ਬੰਦਾ ਭੁੱਲਣਹਾਰ ਏ । ਪਿਉ ਦਾ ਕਿਹੜਾ ਕੈਂਠਾ ਸੀ ਜਿਹੜਾ ਵੇਚ ਖਾਧਾ ਸੀ ? ਇਹ ਗੁਰ-ਗੱਦੀ ਵਾਲੇ ਕਿਸੇ ਦਿਨ ਦਿੱਲੀ ਦਾ ਤਖ਼ਤ ਖੋਹ ਕੇ ਸਾਹ ਲੈਣਗੇ । ਇਨ੍ਹਾਂ ਦੀਆਂ ਅੱਖਾਂ ਤਖ਼ਤੇ-ਤਾਊਸ ਤੇ ਲੱਗੀਆਂ ਹੋਈਆਂ ਨੇ । ਜੰਮਦੀਆਂ ਸੂਲਾਂ ਜੇ ਮਿੱਧੀਆਂ ਨਾ ਗਈਆਂ ਤਾਂ ਕਿਸੇ ਦਿਨ ਸਰੀਰ ਵਿੰਨ੍ਹ ਕੇ ਰੱਖ ਦੇਣਗੀਆਂ।
ਮੇਰਾ ਗੁਰੂ ਹਕੂਮਤ ਦਾ ਵਫ਼ਾਦਾਰ ਏ ਤੇ ਇਹ ਬੱਚਾ ਹਕੂਮਤ ਤੋਂ ਬਾਗੀ ਏ । ਸ਼ਹਿਨਸ਼ਾਹ ਤੋਂ ਆਕੀ ਏ । ਇਹਦਾ ਐਡਾ ਵੱਡਾ ਲਸ਼ਕਰ ਦਿੱਲੀ ਦੀਆਂ ਕੰਧਾਂ ਹਿਲਾ ਸਕਦਾ ਏ । ਬਾਦਸ਼ਾਹ ਨੂੰ ਇਹੋ ਜਿਹੇ ਖ਼ਤਰਨਾਕ ਬੰਦੇ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਏ । ਬਾਗੀਆਂ ਦੇ ਪੁੱਤ ਹਮੇਸ਼ਾ ਬਾਗੀ । ਅਸੀਂ ਆਗਿਆਕਾਰ ਹੁਕਮ ਦੇ ਬੱਧੇ ਬੰਦੇ । ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਏ । ਮੇਰਾ ਗੁਰੂ ਹਮੇਸ਼ਾਂ ਤੁਹਾਡੇ ਹੁਕਮ ਦੀ ਹਜ਼ੂਰੀ 'ਚ ਰਹੇਗਾ ਤੇ ਇਨ੍ਹਾਂ ਤੁਹਾਡੀ ਸਦਾ ਮੁਖ਼ਾਲਫ਼ਤ ਈ ਕਰਨੀ ਏ । ਇਨ੍ਹਾਂ ਨਾ ਆਪ ਜੀਉਣਾ ਏ ਤੇ ਨਾ ਕਿਸੇ ਨੂੰ ਚੈਨ ਲੈਣ ਦੇਣਾ ਏ । ਨਾ ਆਪ ਖਾਣਾ ਏ ਤੇ ਨਾ ਕਿਸੇ ਨੂੰ ਖਾਣ ਦੇਣਾ ਏ । ਉਸ ਫਸਲ ਨੂੰ ਅੱਗ ਲਾ ਦੇਣੀ ਚਾਹੀਦੀ ਏ ਜਿਹੜੀ ਹਕੂਮਤ ਦੇ ਬੰਦਿਆਂ ਦੇ ਢਿੱਡ ਵਿਚ ਜ਼ਹਿਰ ਭਰੇ ।
ਮੇਰਾ ਸਤਿਗੁਰ ਫ਼ਕੀਰੀ ਦਾ ਬਾਦਸ਼ਾਹ ਏ । ਕੁਦਰਤ ਉਹਦੇ ਹੱਥਾਂ ਵਿਚ ਖੇਡਦੀ ਏ । ਜਿਹੜਾ ਭਗਵਾਨ ਦੀ ਕੁੰਡੀ ਖੜਕਾਉਣਾ ਜਾਣਦਾ ਏ ਉਹ ਭਗਵਾਨ ਨੂੰ ਹਰ ਵੇਲੇ ਮਿਲ ਸਕਦਾ ਏ । ਭਗਵਾਨ ਉਹਦੀਆਂ ਸੌ ਵਿਚੋਂ ਅੱਸੀ ਗੱਲਾਂ ਜ਼ਰੂਰ ਮੰਨ ਲੈਂਦਾ ਏ । ਮੇਰਾ ਮਾਲਕ ਹਕੂਮਤ ਦਾ ਖ਼ੈਰ ਖਵਾਹ ਏ । ਹਜ਼ਰ ਨੂੰ ਉਨ੍ਹਾਂ ਦੀ ਮਦਦ ਜ਼ਰੂਰੀ ਕਰਨੀ ਚਾਹੀਦੀ ਏ, ਭਾਵੇਂ ਗੈਰ-ਵਾਜਬ ਈ ਕਿਉਂ ਨਾ ਹੋਵੇ ।
ਮੇਰੇ ਗੁਰੂ ਨੇ ਹਜ਼ੂਰ ਨੂੰ ਕਿੰਨੀਆਂ ਕਰਾਮਾਤਾਂ ਵਿਖਾਈਆਂ । ਜ਼ਰਾ ਆਖੋ ਤੇ ਸਹੀ ਇਹ ਇਕ ਮਾੜੀ ਜਿਹੀ ਕਰਾਮਾਤ ਈ ਵਿਖਾਵੇ । ਅੱਲਾ ਦੇ ਗੁਲਾਮ ਕਰਾਮਾਤਾਂ ਕਰ ਕੇ ਹੀ ਦੁਨੀਆਂ ਦਾ ਕਲਿਆਣ ਕਰ ਦਿੰਦੇ ਹਨ।
ਪਹਿਲੇ ਦਿਨ ਹਜ਼ੂਰ ਨੇ ਮੇਰੇ ਗੁਰੂ ਨੂੰ ਦਾਅਵਤ ਲਈ ਇਕ ਬੱਕਰਾ ਭੇਜਿਆ ਤੇ ਨਾਲ ਸਾਜ਼ ਸਾਮਾਨ ਵੀ ਸੀ । ਕਾਜ਼ੀ ਹਰ ਗੱਲ ਵਿਚ ਆਪਣਾ ਹਿੱਸਾ ਪਹਿਲਾਂ ਰੱਖ ਲੈਂਦਾ । ਬੱਕਰਾ ਝਟਕਾ ਦਿੱਤਾ ਗਿਆ ਤੇ ਇਕ ਲੱਤ ਕਾਜ਼ੀ ਦਾ ਗੁਮਾਸ਼ਤਾ ਲੈ ਲਿਆ। ਦਾਅਵਤ ਹੋ ਗਈ । ਕਾਜ਼ੀ ਵੀ ਖ਼ੁਸ਼ ਤੇ ਗੁਰੂ ਘਰ ਵਾਲੇ ਵੀ ਅਨੰਦ ਵਿਚ । ਬਾਦਸ਼ਾਹ ਕੀ ਜਾਣੇ ਕਿ ਹਰ ਅਹਿਲਕਾਰ ਰਿਸ਼ਵਤ ਤੋਂ ਬਗ਼ੈਰ ਹੱਥ ਦੀ ਚੀਚੀ ਵੀ ਹਿਲਾਉਣ ਨੂੰ ਤਿਆਰ ਨਹੀਂ । ਕਾਜ਼ੀ ਤਕ ਬੇਈਮਾਨ ਹੋ ਜਾਂਦੇ ਹਨ । ਈਮਾਨ ਕਿੱਥੇ ਹੈ ਦਿੱਲੀ ਵਿਚ । ਬਾਦਸ਼ਾਹ ਦੀਆਂ ਅੱਖਾਂ ਖੋਹਲਣ ਵਾਸਤੇ ਮੇਰੇ ਗੁਰੂ ਨੇ ਇਕ 'ਚਮਤਕਾਰ' ਵਿਖਾਇਆ। ਦੂਜੇ ਦਿਨ ਸ਼ਾਹੀ ਅਹਿਲਕਾਰ ਹਾਜ਼ਰ ਹੋਇਆ ਤੇ ਹੱਥ ਜੋੜ ਕੇ ਆਖਣ ਲੱਗਾ, ਹਜ਼ੂਰ ! ਮੈਥੋਂ ਬੜੀ ਵੱਡੀ ਗ਼ਲਤੀ ਹੋ ਗਈ ਏ। ਉਹ ਬੱਕਰਾ ਜਿਹੜਾ ਮੈਂ ਕੱਲ੍ਹ ਭੇਜਿਆ ਸੀ ਬਾਦਸ਼ਾਹ ਦਾ ਪਾਲਿਆ ਹੋਇਆ ਸੀ । ਈਦ ਦੀ ਕੁਰਬਾਨੀ ਵਾਸਤੇ । ਬਾਦਸ਼ਾਹ ਨੇ ਤਲਬ ਕਰ ਲਿਆ ਏ, ਮੇਰੀ ਤਾਂ ਨੌਕਰੀ ਜਾਏਂਗੀ । ਤੁਸੀਂ ਆਹ ਬੱਕਰਾ ਲੈ ਲਉ ਤੇ ਮੇਰਾ ਬੱਕਰਾ ਮੋੜ ਦਿਉ । ਮੈਂ ਬਾਲ-ਬੱਚੇਦਾਰ ਹਾਂ, ਮੇਰੇ ਬੱਚੇ ਯਤੀਮ ਹੋ ਜਾਣਗੇ । ਮੇਰਾ ਗੁਰੂ ਮਿਹਰਬਾਨ ਹੋ ਗਿਆ। ਮੇਰੇ ਗੁਰਾਂ ਨੇ ਉਸੇ ਵੇਲੇ ਹੁਕਮ ਦਿੱਤਾ । ਬੱਕਰੇ ਦੀਆਂ ਹੱਡੀਆਂ ਇਕੱਠੀਆਂ ਕੀਤੀਆਂ ਗਈਆਂ।