Back ArrowLogo
Info
Profile

ਸੱਤ ਸਲਾਮਾਂ ਫਰਸ਼ੀਂ ਤੇ ਨਜ਼ਰਾਨਾ ਰਾਜਾ ਜੀ ਵਲੋਂ ਪੇਸ਼ ਕੀਤਾ ਅਤੇ ਆਖਣ ਲੱਗਾ ਚੋਬਦਾਰ :-

ਰਾਜਾ ਜੀ ਤਾਂ ਦੱਖਣ ਵਿਚ ਹਨ । ਮਹਾਰਾਣੀ ਨੂੰ ਖ਼ਬਰ ਹੋਈ ਸੀ ਤੇ ਹਜ਼ੂਰ ਲਈ ਨਜ਼ਰਾਨਾ ਭੇਜਿਆ ਏ ਕਬੂਲ ਹੋਵੇ । ਹੱਥ ਲਾ ਕੇ ਔਰੰਗਜ਼ੇਬ ਨੇ ਸਾਰਾ ਖ਼ੈਰਾਇਤ ਕਰਵਾ ਦਿੱਤਾ ।

—ਇਸ ਬਾਲ ਗੁਰੂ ਦੇ ਹੱਥ ਵਿਚ ਸਫਾਈ ਏ ਕਿ ਐਵੇਂ ਲੋਕ ਭੇਡ ਚਾਲ ਵਾਂਗੂੰ ਮਗਰ ਲੱਗੇ ਹੋਏ ਹਨ ?

-ਅਸਾਂ ਤੇ ਹੱਥ ਤੇ ਸਰ੍ਹੋਂ ਜਮਾ ਕੇ ਵੇਖ ਲਈ ਏ । ਮਹਾਰਾਣੀ ਬੜੀ ਸ਼ਰਧਾਲੂ ਹੋ ਗਈ। ਦਿੱਲੀ ਵਾਲਿਆਂ ਦਾ ਤੇ ਮੇਲਾ ਲੱਗਾ ਰਹਿੰਦਾ ਏ । ਮਿੱਟੀ ਨੂੰ ਹੱਥ ਲਾਉਂਦੇ ਹਨ ਤੇ ਸੋਨਾ ਬਣ ਜਾਂਦਾ ਏ । ਸਾਨੂੰ ਤਾਂ ਇਉਂ ਜਾਪਦਾ ਏ ਜਿਵੇਂ ਕੋਈ ਇਲਾਹੀ ਬਖਸ਼ਿਸ਼ ਏ । ਖ਼ੁਦਾਈ ਰਹਿਮਤ ਦਾ ਨੂਰ ਏ ਉਨ੍ਹਾਂ ਦੇ ਚਿਹਰੇ ਤੇ । ਅੱਲਾ ਤਾਲਾ ਦੀਆਂ ਬਰਕਤਾਂ ਦੇ ਭੰਡਾਰ ਖੁਲ੍ਹੇ ਹਨ । ਮੁੱਠੀਆਂ ਭਰ ਭਰ ਵੰਡਦੇ ਹਨ । ਦੇਗਾਂ ਊਣੀਆਂ ਈ ਨਹੀਂ ਹੁੰਦੀਆਂ। ਖਾਲੀ ਦੇਗ ਮੈਂ ਕਦੀ ਨਹੀਂ ਵੇਖੀ, ਰਾਤੀਂ ਵੰਡੀ ਜਾ ਰਹੀ ਏ, ਦਿਨੇ ਵੀ, ਦੁਪਹਿਰੇ ਵੀ ਤੇ ਸ਼ਾਮ ਨੂੰ ਵੀ । ਦੋ ਦੇਗਾਂ ਸਾਰੀ ਦਿੱਲੀ ਨੂੰ ਵੰਡੀਆਂ ਗਈਆਂ ਪਰ ਅਜੇ ਵੀ ਭਰੀਆਂ ਭਰੀਆਂ ਜਾਪਦੀਆਂ ਹਨ। ਉਨ੍ਹਾਂ ਦੇ ਹੱਥਾਂ ਵਿਚ ਬਰਕਤ ਤੇ ਅੱਖਾਂ ਵਿਚ ਨੂਰ ਏ । ਇਹ ਤੇ ਕੋਈ ਖੁਦਾਈ ਜੀਅ ਏ । ਬੱਚਾ ਏ, ਬਾਲ ਏ ਪਰ ਸਿਆਣਾ ਬੜੇ ਵੱਡੇ ਬਜ਼ੁਰਗਾਂ ਤੋਂ ਵੀ ਜ਼ਿਆਦਾ । ਹਰ ਗੱਲ ਵਿਚ ਬਜ਼ੁਰਗੀ । ਭਾਵੇਂ ਖੇਡ ਬੱਚਿਆਂ ਦੀ ਹੀ ਕਿਉਂ ਨਾ ਹੋਵੇ, ਇਹੋ ਜਿਹੇ ਖ਼ੁਦਾਈ ਨੂਰ ਦਾ ਦਿੱਲੀ ਤੇ ਸਾਇਆ ਰਹਿਣਾ ਬਹੁਤ ਜ਼ਰੂਰੀ ਏ । ਗੋਕਲ ਦੇ ਕ੍ਰਿਸ਼ਨ ਵਾਂਗੂੰ ਉਹਦੇ ਚਿਹਨ ਚੱਕਰ ਈ ਨਿਹਾਲੇ ਹਨ । ਗੱਲ ਨਿੱਕੀ ਜਿਹੀ ਹੁੰਦੀ ਏ ਪਰ ਉਹਦੇ ਮਗਰ ਬੜੀ ਵੱਡੀ ਵਾਰਦਾਤ ਖੜ੍ਹੀ ਹੁੰਦੀ ਏ । ਇਹ ਖੁਦਾ ਦਾ ਬੇਟਾ, ਰੱਬ ਦਾ ਪਿਆਰਾ ਸਾਡੇ ਭਾਗਾਂ ਵਿਚ ਆ ਗਿਆ। ਸਾਨੂੰ ਇਹਦੀ ਖ਼ਿਦਮਤ ਕਰਨੀ ਚਾਹੀਦੀ ਏ । ਇਹਦੇ ਪੈਰ ਧੋ ਕੇ ਪੀਣੇ ਚਾਹੀਦੇ ਨੇ । ਮਹਾਰਾਣੀ ਨੇ ਚਰਨਾਂ ਨੂੰ ਧੋ ਕੇ ਉਹ ਜਲ ਰਾਜਾ ਜੀ ਨੂੰ ਦੱਖਣ ਭੇਜਿਆ ਏ । ਰਾਜਾ ਜੀ ਫਤਿਹ ਦੇ ਡੰਕੇ ਵਜਾਉਂਦੇ ਆਏ । ਦਿੱਲੀ ਵਾਲਿਆਂ ਦਾ ਵਿਸ਼ਵਾਸ ਪੱਕਾ ਹੁੰਦਾ ਜਾ ਰਿਹਾ ਏ ਕਿ ਕ੍ਰਿਸ਼ਨ ਨੇ ਗੋਕਲ ਵਿਚ ਫਿਰ ਜਨਮ ਲੈ ਲਿਆ ਏ । ਅੰਨਦਾਤਾ ਦਿੱਲੀ ਵਿਚ ਐਡੀ ਵੱਡੀ ਬੀਮਾਰੀ ਫੈਲੀ ਹੋਵੇ, ਕੋਈ ਵੈਦ, ਹਕੀਮ ਡਰਦਾ ਉਧਰ ਮੂੰਹ ਨਾ ਕਰੇ ਤੇ ਇਹ ਬਾਲ ਗੁਰੂ ਉਨ੍ਹਾਂ ਵਿਚ ਦਵਾਈ ਵੰਡਦਾ ਫਿਰੇ । ਅੰਨ ਵਾਲੇ ਨੂੰ ਅੰਨ ਦੇਵੇ, ਦੁੱਧ ਵਾਲੇ ਨੂੰ ਦੁੱਧ ਦੇਵੇ, ਵਸਤਰ ਵਾਲੇ ਨੂੰ ਵਸਤਰ । ਲੋਕੀਂ ਦੇਈਂ ਜਾਂਦੇ ਤੇ ਇਹ ਵੰਡੀ ਜਾਂਦਾ ਏ । ਹਕੂਮਤਾਂ ਵੀ ਐਡਾ ਵੱਡਾ ਕੰਮ ਨਹੀਂ ਕਰ ਸਕਦੀਆਂ । ਇਕ ਬਾਲ ਨੇ ਦਿੱਲੀ ਦਾ ਦਿਲ ਜਿੱਤ ਲਿਆ ਏ । ਰੱਖਾਂ ਲੈਣ ਵਾਲੀਆਂ ਕਿੱਥੋਂ ਕਿੱਥੋਂ ਤੱਕ ਆਉਂਦੀਆਂ ਨੇ । ਹਰਮ ਵਿਚ ਜਿੰਨੀਆਂ ਵੀ ਰੱਖਾਂ ਬੱਝੀਆਂ ਹੋਈਆਂ ਹਨ ਉਹ ਸਾਰੀਆਂ ਇਸੇ ਮਹਿਲ ਵਿਚੋਂ ਗਈਆਂ ਹਨ । ਬਾਲਾਂ ਲਈ ਤੇ ਇਹ ਪ੍ਰਮੇਸ਼ਵਰ ਏ, ਗਰੀਬਾਂ ਲਈ ਅੰਨਦਾਤਾ ।

35 / 52
Previous
Next