ਇਹ ਬਾਲ ਗੁਰੂ ਬੜੇ ਕਰਨੀ ਵਾਲੇ ਹਨ । ਇਨ੍ਹਾਂ ਦੀ ਮਹਿਮਾ ਅਪਰਮ ਅਪਾਰ ਏ। ਵੈਰ ਵਿਰੋਧ ਇਨ੍ਹਾਂ ਦੇ ਲਾਗੇ ਦੀ ਨਹੀਂ ਲੰਘਿਆ। ਇਨ੍ਹਾਂ ਦੇ ਮੂੰਹ 'ਚੋਂ ਨਿਕਲੇ ਬੋਲ ਪੱਥਰ ਤੇ ਲੀਕ ਬਣ ਜਾਂਦੇ ਹਨ । ਖ਼ੁਦਾ ਦਾ ਇਲਹਾਮ ਇਨ੍ਹਾਂ ਦੀ ਬਾਣੀ ਏ । ਮਹਿਲ ਦਾ ਘੇਰਾ ਚੁਕਾਇਆ ਜਾਏ । ਸਖ਼ਤੀ 'ਚ ਨਰਮੀ ਕੀਤੀ ਜਾਏ । ਏਡੀ ਵੱਡੀ ਦਿੱਲੀ 'ਚ ਜੇ ਇਕ ਬਾਲ ਆ ਵੀ ਗਿਆ ਹੈ ਤਾਂ ਫਿਰ ਉਸ ਕਿਹੜਾ ਟਿੱਲਾ ਮੁੱਲ ਲੈ ਲੈਣਾ ਏ, ਚਾਰ ਦਿਨ ਰਹਿਕੇ ਚਲਾ ਜਾਏਗਾ। ਦਿੱਲੀ ਵਾਲੇ ਕਿਹੜਾ ਕਿਸੇ ਦੇ ਮਗਰ ਤੁਰਨ ਲੱਗੇ ਹਨ। ਦਿੱਲੀ ਵਾਲੇ ਨਾ ਕਿਸੇ ਨੂੰ ਸਦਦੇ ਹਨ ਤੇ ਨਾ ਕਿਸੇ ਦੇ ਮਗਰ ਜਾਂਦੇ ਹਨ। ਦਿੱਲੀ ਇਕ ਸਮੁੰਦਰ ਏ। ਇਥੇ ਕਿਸੇ ਗੱਲ ਦਾ ਥਾਹ ਨਹੀਂ । ਚੋਰ ਇੱਥੇ ਤੇ ਬਹੁਤ ਵੱਡੇ ਚੋਰ । ਜੇ ਡਾਕੂ ਤਾਂ ਇਹ ਡਾਕੂਆਂ ਦਾ ਗੜ੍ਹ । ਬਹਾਦਰ ਤਾਂ ਇਥੇ ਬਹਾਦਰਾਂ ਦੀ ਖਾਨ । ਜਰਨੈਲ ਤਾਂ ਇਥੇ ਜਰਨੈਲਾਂ ਦੀਆਂ ਕਤਾਰਾਂ ਦੀਆਂ ਕਤਾਰਾਂ । ਫਕੀਰ ਤਾਂ ਇਥੇ ਕਈ ਫਕੀਰਾਂ ਦੇ ਤਕੀਏ । ਵਲੀ ਅੱਲਾਹ ਤਾਂ ਇਕ ਤੋਂ ਵੱਧ । ਦਿੱਲੀ ਵਿਚ ਕਿਸੇ ਚੀਜ਼ ਦਾ ਘਾਟਾ ਨਹੀਂ ।
ਮੈਂ ਅੰਨ ਦਾਤਾ, ਆਲਮ ਪਨਾਹ, ਸ਼ਹਿਨਸ਼ਾਹ ਏ ਹਿੰਦੁਸਤਾਨ ਦੇ ਹਜ਼ੂਰ 'ਚ ਅਰਜ਼ ਕਰਦਾ ਹਾਂ, ਇਹ ਅਰਜ਼ ਮੈਨੂੰ ਮਹਾਰਾਣੀ ਨੇ ਕਰਨ ਲਈ ਭੇਜਿਆ ਹੈ । ਅੰਨਦਾਤਾ ਇਹ ਤਵੱਜੋ ਈ ਨਾ ਦੇਣ ਕਿ ਕੌਣ ਦਿੱਲੀ 'ਚ ਆਇਆ ਹੈ ਤੇ ਕੌਣ ਚਲਾ ਗਿਆ ਹੈ । ਬਾਦਸ਼ਾਹ ਨੂੰ ਇਹਦੇ ਨਾਲ ਕੀ ਵਾਸਤਾ ਏ । ਰੋਜ਼ ਦਿੱਲੀ 'ਚ ਬੰਦੇ ਆਉਂਦੇ ਹਨ ਤੇ ਚਲੇ ਜਾਂਦੇ ਹਨ । ਸ਼ਾਹ ਨੂੰ ਛੋਟੇ ਕੰਮਾਂ 'ਚ ਦਖ਼ਲ ਨਹੀਂ ਦੇਣਾ ਚਾਹੀਦਾ । ਮੁਲਕ ਦੇ ਵੱਡੇ ਕੰਮਾਂ 'ਚ ਬਾਦਸ਼ਾਹ ਰੁੱਝਾ ਰਹੇ ਇਸ 'ਚ ਸ਼ਾਹ ਦੀ ਇੱਜ਼ਤ ਏ, ਮੈਂ ਉਮਰ ਖਾ ਲਈ ਏ । ਦੋ ਰਾਜ ਤੇ ਮੈਂ ਵੇਖੇ ਹਨ। ਮੈਂ ਮਾਂ ਹੋਣ ਦੇ ਨਾਤੇ ਅਰਜ ਕਰਦੀ ਹਾਂ ਸ਼ਹਿਨਸ਼ਾਹ ! ਸਾਡੀ ਇੱਜ਼ਤ ਤੇ ਇਸ ਬੱਚੇ ਦੀ ਉਮਰ ਤੇ ਰਹਿਮ ਕਰੋ । ਰਾਜਾ ਜੀ ਆਉਣ ਤੇ ਜੇ ਕੋਈ ਸ਼ਰਾਰਤ ਨਜ਼ਰ ਆਏਗੀ ਤੇ ਫਿਰ ਘੜੀ 'ਚ ਧੌਣ ਮਰੋੜੀ ਜਾ ਸਕਦੀ ਏ। ਇਹ ਤਾਂ ਘੜੇ ਦੀ ਮੱਛੀ ਏ ਜਦੋਂ ਜੀ ਚਾਹਿਆ ਕੱਢੀ ਤੇ ਸਿਰੀ ਮਰੋੜ ਸੁੱਟੀ । ਮੈਂ ਫਿਰ ਦੋਬਾਰਾ ਅਰਜ਼ ਕਰ ਰਹੀ ਹਾਂ ਸ਼ਹਿਨਸ਼ਾਹ ਐਵੇਂ ਕਿਸੇ ਦੇ ਚੁੱਕੇ ਚੁਕਾਏ 'ਚ ਨਾ ਆਉਣ। ਇਹ ਅਰਜ ਕਰ ਰਿਹਾ ਸੀ ਚੋਬਦਾਰ ।
ਔਰੰਗਜ਼ੇਬ ਚੁੱਪ ਸੀ, ਖਾਮੋਸ਼, ਉਦਾਸ, ਸੋਚਾਂ ਵਿਚ ਡੁੱਬਿਆ ਹੋਇਆ । ਤਸਬੀ ਦੇ ਮਣਕਿਆਂ ਤੇ ਹੱਥ ਸਨ ਤੇ ਤਸਬੀ ਇਕ ਜਗ੍ਹਾ ਤੋਂ ਰੁਕੀ ਹੋਈ ਸੀ । ਸਾਰੇ ਚੌਗਿਰਦੇ ਵਿਚ ਸ਼ਮਸ਼ਾਨ ਵਰਗੀ ਖਾਮੋਸ਼ੀ ਸੀ । ਸਲਾਮਾਂ ਕਰਦਾ ਚੋਬਦਾਰ ਚਲਾ ਗਿਆ ਪਰ ਸ਼ਹਿਨਸ਼ਾਹ ਅਜੇ ਵੀ ਪਾਲਕੀ 'ਚ ਬੈਠਾ ਸੋਚ ਰਿਹਾ ਸੀ :-
ਯਾ ਖ਼ੁਦਾ, ਯਾ ਅੱਲਾਹ, ਰਹਿਮਤ !