ਪਹਿਲੇ ਦਿਨ ਦਰਬਾਰ ਵਿਚ ਬਟੇਰੇ ਵਾਂਗੂੰ ਪਟਾਕਿਆ ਤੇ ਦੂਜੇ ਦਿਨ ਭੱਗਲ ਹੋ ਕੇ ਮੈਦਾਨ ਦੇ ਟਿਕਾਣੇ ਤੋਂ ਭਟਕ ਗਿਆ । ਸ਼ੀਸ਼ੇ ਦੇ ਇਕ ਝਲਕਾਰੇ ਵਿਚ ਉਸ ਦੀਆਂ ਅੱਖਾਂ ਚੁੰਧਿਆ ਗਈਆਂ। ਸਾਰੀ ਸ਼ਰਮ ਹਯਾ ਲਾਹ ਕੇ ਕਿੱਲੀ ਨਾਲ ਟੰਗ ਦਿੱਤੀ । ਏਨੀਆਂ ਕਰਾਮਾਤਾਂ ਵਿਖਾਈਆਂ ਕਿ ਮਦਾਰੀ ਬਣ ਗਿਆ । ਬਾਣੀ ਬਦਲ ਕੇ ਆਪਣੀ ਠਾਠ ਜਮਾ ਲਈ। ਜਦੋਂ ਗੁਰਾਂ ਨੂੰ ਪਤਾ ਲਗਾ ਤਾਂ ਉਨ੍ਹਾਂ ਮੱਥੇ ਨਾ ਲੱਗਣ ਦਾ ਆਦੇਸ਼ ਦੇ ਦਿੱਤਾ । ਘਰ ਵਿਚੋਂ ਛੇਕਿਆ ਗਿਆ । ਦੁੱਧ ਚਿੱਟਾ ਬਗਲਾ ਛੱਪੜ ਦੇ ਕੰਢੇ ਬਹਿਣ ਜੋਗਾ ਈ ਰਹਿ ਗਿਆ ਦਿੱਲੀ ਵਿਚ ਗਿਆ ਦਿੱਲੀ ਵਾਲਾ ਬਣ ਗਿਆ।
ਹੁਣ ਗੁਰ ਗੱਦੀ ਦਾ ਫੈਸਲਾ ਝੱਟ ਪੱਟ ਈ ਕਰਨਾ ਪਿਆ । ਗੁਰੂ ਹਰਿ ਕ੍ਰਿਸ਼ਨ ਨੂੰ ਗੱਦੀ ਬਖਸ਼ ਦਿੱਤੀ । ਭਰਾ-ਭਰਾ ਦਾ ਵੈਰੀ ਬਣ ਗਿਆ। ਰਾਮ ਰਾਇ ਡਾਂਗਾਂ ਨੂੰ ਸੰਮ ਚੜ੍ਹਾ ਰਿਹਾ ਸੀ ਤੇ ਤੇਲ ਨਾਲ ਚੋਪੜ ਰਿਹਾ ਸੀ ਖੂੰਡੇ । ਏਧਰ ਬਾਲ ਗੁਰੂ ਛੋਟਾ ਬੱਚਾ ਤੇ ਉਧਰ ਜੁਆਨ ਗੱਭਰੂ ਵੀਰ ਮਾਂ ਪਿਓ ਜਾਇਆ । ਭਰਾ ਵਰਗਾ ਸੱਜਣ ਵੀ ਨਹੀਂ ਕੋਈ ਤੇ ਭਰਾ ਵਰਗਾ ਵੈਰੀ ਵੀ ਨਹੀਂ ।
ਜਦੋਂ ਸੁਣਿਆ ਗੁਰ ਗੱਦੀ ਦੀ ਬਖਸ਼ਿਸ਼ ਛੋਟੇ ਭਰਾ ਹਰਿ ਕ੍ਰਿਸ਼ਨ ਨੂੰ ਦੇ ਦਿੱਤੀ ਏ ਸੜ ਭੁੱਜ ਕੇ ਕੋਲਾ ਹੋ ਗਿਆ। ਧੁਖਦੀ ਲੱਕੜੀ ਵਾਂਗ ਆਪਣੇ ਆਪ ਅੰਦਰ ਸੜ ਬਲ ਰਿਹਾ ਸੀ । ਸੱਟ ਖਾਧੇ ਸੱਪ ਵਾਂਗ ਬੜੇ ਮਰੋੜੇ ਖਾਧੇ। ਜ਼ਖਮੀ ਸ਼ੇਰ ਵਾਂਗ ਕਈ ਝੱਪਟਾਂ ਮਾਰੀਆਂ ਪਰ ਪੇਸ਼ ਨਾ ਗਈ। ਇਕ ਪਾਸੇ ਪਾਸੇ ਛੜ-ਮ-ਛੜਾ ਰਾਮ ਰਾਇ ਸੀ ਤੇ ਦੂਜੇ ਪਾਸੇ ਗੁਰੂ ਹਰਿ ਕ੍ਰਿਸ਼ਨ । ਕੀ ਹੋਇਆ ਬਾਲ ਸੀ ਪਰ ਜੋਤ-ਜੋਤ ਵਿਚ ਪ੍ਰਵੇਸ਼ ਕਰ ਚੁੱਕੀ ਸੀ । ਬਲ ਆ ਚੁੱਕਾ ਸੀ ਸ਼ਕਤੀ ਦਾ ਪ੍ਰਵੇਸ਼ ਹੋ ਚੁੱਕਾ ਸੀ । ਭਾਵੇਂ ਜ਼ਾਹਰਾ ਬਲ ਨਹੀਂ ਸੀ ਆਉਂਦਾ ਪਰ ਅੰਦਰੋਂ-ਅੰਦਰੀ ਉਹ ਬਲਵਾਨ ਸਨ । ਇਹ ਗੱਲ ਅੱਗੇ 'ਗੀਤਾ' ਵਿਚ ਆਈ ਏ ਕਿ ਇਕ ਪਾਸੇ ਕੌਰਵਾਂ ਦਾ ਮਹਾਰਥੀ ਕਰਨ ਤੇ ਦੂਜੇ ਪਾਸੇ ਅਰਜਨ ਦਾ ਰੱਥ ਤੇ ਉਹਦੇ ਉੱਤੇ ਬੈਠਾ ਰਥਵਾਨ ਗੋਕਲ ਦਾ ਗਵਾਲਾ ਭਗਵਾਨ ਕ੍ਰਿਸ਼ਨ । ਟੱਕਰ ਦੋਹਾਂ ਰੱਥਾਂ ਦੀ ਸੀ । ਭੋਲਾ ਕਰਨ ਨਹੀਂ ਸੀ ਜਾਣਦਾ ਕਿ ਉਹਦੇ ਸਾਹਮਣੇ ਭਗਵਾਨ ਬੈਠਾ ਏ । ਸਿਰਫ ਏਨੀ ਗੱਲ ਸਮਝਣ ਵਾਲੀ ਸੀ । ਇਕ ਵਾਰ ਤੇ ਸਮਝ ਆਈ ਪਰ ਜੇ ਉਹ ਲੋਕਾਂ ਸਾਹਵੇਂ ਮੰਨ ਲਵੇ ਤਾਂ ਹੇਠੀ ਹੁੰਦੀ ਸੀ । ਰਾਮ ਰਾਇ ਆਪਣੇ ਦਮਗਜੇ ਮਾਰ ਰਿਹਾ ਸੀ ਤੇ ਆਪਣੇ ਜੁਗਾੜ ਫਿੱਟ ਕਰ ਰਿਹਾ ਸੀ । ਲਹੂ ਐਨਾ ਸਫੈਦ ਹੋ ਚੁੱਕਾ ਸੀ ਕਿ ਆਪਣੇ ਛੋਟੇ ਵੀਰ ਦੀ ਖ਼ਬਰ ਲੈਣ ਵੀ ਨਾ ਗਿਆ । ਚੰਗਾ ਹੁੰਦਾ ਜੇ ਭਰਾ ਦੇ ਸਿਰ ਤੇ ਹੱਥ ਧਰਦਾ ਤੇ ਕੌਮ ਦੀ ਬਦਨਾਮੀ ਦੇ ਟਿੱਕੇ ਨੂੰ ਧੋ ਲੈਂਦਾ ਪਰ ਏਦਾਂ ਨਾ ਹੋਇਆ । ਸਿੱਖ ਕੌਮ ਦਾ ਗੁਰੂ ਕਿਸ ਤਰ੍ਹਾਂ ਉਸ ਭਰਾ ਦੇ ਪੈਰੀਂ ਪੈ ਜਾਂਦਾ ਜਿਸ ਨੂੰ ਗੁਰਾਂ ਘਰ ਵਿਚੋਂ ਛੇਕ ਦਿੱਤਾ ਸੀ । ਰਾਮ ਰਾਇ ਦੀ ਇਸ ਜਿੱਦ ਨੇ ਆਪਣਾ ਸਭ ਕੁੱਝ ਫੂਕ ਕੇ ਸੁਆਹ ਕਰ ਲਿਆ। ਰੱਸੀ ਸੜ ਗਈ ਪਰ ਵੱਟ ਨਾ ਗਿਆ। ਕੋਮਲ ਹੱਥਾਂ ਨੇ ਕੌਮ ਦੀ ਵਾਗ ਡੋਰ ਸੰਭਾਲੀ ਤੇ ਇਧਰ ਔਰੰਗਜ਼ੇਬ ਦੇ ਅਹਿਦੀਏ ਆਉਣ ਲੱਗ ਪਏ । ਆਖ਼ਰ ਹਾਰ ਕੇ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਬਾਈ ਸੌ ਘੋੜ ਸਵਾਰ ਨਾਲ ਚੱਲੇ ਤੇ ਨਾਲ ਚੱਲੀ ਵਹੀਰ। ਸੇਵਕਾਂ, ਸਿੱਖਾਂ ਸ਼ਰਧਾਲੂਆਂ ਤੇ ਨਗਰ ਵਾਸੀਆਂ ਦਾ ਕਾਫਲਾ ਚੱਲ ਪਿਆ ਕੀਰਤਪੁਰ ਤੋਂ ਦਿੱਲੀ ਵੱਲ । ਥਾਂ-ਥਾਂ ਚੌਕੀਆਂ ਕੀਤੀਆਂ, ਝੰਡੇ ਗੱਡੇ ਦੀਵਾਨ ਸੱਜੇ । ਠੰਢ ਵਰਤਾਉਂਦੇ ਬਾਣੀ ਦਾ ਛਿੱਟਾ ਦਿੰਦੇ ਬਾਲ ਗੁਰੂ ਮੱਧਮ ਰਫ਼ਤਾਰ ਵਿਚ ਪੜਾਅ-ਪੜਾਅ ਕਰਦੇ ਅੱਗੇ ਚੱਲ ਰਹੇ ਸਨ । ਆਖ਼ਰਕਾਰ ਇਕ ਜਗ੍ਹਾ ਤੇ ਪੱਕੇ ਕਿੱਲੇ ਗੱਡ ਦਿੱਤੇ ਅਮੀਰ-ਏ-ਕਾਰਵਾਂ ਨੇ । ਪੰਜ ਖੋਰ ਸਾਰਿਆਂ ਨੂੰ ਆਰਾਮ ਕਰਨ ਦਾ ਆਦੇਸ਼ ਮਿਲ ਗਿਆ । ਹੁਣ ਸਮੱਸਿਆ ਇਹ ਸੀ ਕਿ ਏਨੀ ਜਨਤਾ ਨੂੰ