ਸੰਭਾਲਿਆ ਕਿੰਜ ਜਾਏ। ਇਹ ਰਾਜਧਾਨੀ ਤੇ ਅਸੀਂ ਪ੍ਰਦੇਸੀ । ਇਸ ਲਈ ਸਭ ਸੰਗਤ ਨੇ ਹੁਕਮ ਸੁਣਿਆ ''ਟਿੱਲੇ ਤੋਂ ਅੱਗੇ ਕੋਈ ਆਦਮੀ ਨਾ ਜਾਏ ।" ਝੰਡਾ ਵੀ ਗੱਡ ਦਿੱਤਾ ਸਾਰੇ ਆਪੋ ਆਪਣੀ ਘਰੀਂ ਮੁੜ ਜਾਣ । ਜਿਸਦੇ ਕੰਨੀ ਆਵਾਜ਼ ਪਈ ਉਸੇ ਨੇ ਸਿਰ ਨਿਵਾ ਦਿੱਤਾ। ਕੀਰਤਪੁਰ ਵਾਲਿਆਂ ਆਪਣੇ ਪਹੇ ਫੜ ਲਏ ਤੇ ਬਾਕੀ ਸੰਗਤ ਆਪਣੀਆਂ ਡੰਡੀਆਂ ਤੇ ਮੁੜ ਪਈ ਤੇ ਸੰਗਤ ਉਦੋਂ ਤੱਕ ਨਾ ਹਿੱਲੀ ਜਦੋਂ ਤੱਕ ਸਤਿਗੁਰਾਂ ਦਾ ਘੋੜਾ ਨਜ਼ਰੀਂ ਆਉਂਦਾ ਰਿਹਾ।
ਪੰਡਤ ਲਾਲ ਚੰਦ ਸ਼ਾਸਤਰੀ ਬ੍ਰਹਮ ਗਿਆਨੀ, ਵਿਦਵਾਨ ਵੇਦਾਂ ਦਾ, ਮੋਟਾ ਸਾਰਾ ਤਿਲਕ ਪਰ ਹੰਕਾਰ 'ਚ ਭਰਿਆ ਹੋਇਆ ਮੱਥੇ ਤਿਉੜੀਆਂ ਦਾ ਝੁਰਮਟ, ਅੱਖਾਂ ਵਿਚ ਗੁੱਸੇ ਦੀ ਲਾਲੀ ਫੂੰ-ਫੂੰ ਵੀ ਪਿਆ ਕਰੋ। ਦਰਬਾਰ ਦੇ ਲਾਗੇ ਆ ਕੇ ਪੁੱਛਣ ਲੱਗਾ ਕੌਣ ਮਹਾਰਾਜ ਆਏ ਹਨ ? ਇਕ ਸਿੱਖ ਨੇ ਆਖਿਆ 'ਗੁਰੂ ਹਰਿ ਕ੍ਰਿਸ਼ਨ ।' ਹੱਸ ਪਿਆ, 'ਬਚੂੰਗੜਾ ਕੀਰਤਪੁਰ ਦਾ !' ਤਿਉੜੀ ਵੱਟੀ ਤੇ ਆਖਣ ਲੱਗਾ--
ਨਾਮ ਧਰਾਵਨਿ, ਅਹੈ ਸੁਖੈਨ
ਤਿਨ ਕੇ ਗੁਨ ਸੁਭ ਕਿਸ ਮਹਿ ਹੈਨ।
—ਨਾਂ ਧਰਾ ਲੈਣਾ ਸੌਖਾ ਏ ਪਰ ਕ੍ਰਿਸ਼ਨ ਵਰਗੇ ਗੁਣ ਕਿੱਥੋਂ ਆਉਣਗੇ । ਗੀਤਾ ਉਚਾਰਨੀ ਤੇ ਇਕ ਪਾਸੇ ਅਰਥ ਈ ਦੱਸ ਦੇਵੇ ਤਾਂ ਵੀ ਕੋਈ ਚਰਨੀ ਲੱਗੇ । ਜੇ ਆਪ ਨੂੰ ਨਹੀਂ ਸੂ ਆਉਂਦੇ ਤੇ ਸਾਥੋਂ ਈ ਪੁੱਛ ਲਵੇ ।
ਸਤਿਗੁਰ ਤਾੜ ਗਏ, ਜਾਣੀ ਜਾਣ ਸਨ । ਬ੍ਰਾਹਮਣ ਆ ਰਿਹਾ ਏ ਠੇਡੇ ਖਾਂਦਾ । ਫਰਮਾਇਆ "ਬ੍ਰਾਹਮਣ ਦੇਵਤਾ ਕੀ ਚਾਹੁੰਦੇ ਹਨ ।"
"ਅਸੀਂ ਚਾਹੁੰਦੇ ਹਾਂ ਗੁਰੂ ਆਪਣੇ ਮੁਖਾਰ ਬਿੰਦ ਤੋਂ ਗੀਤਾ ਉਚਰਨ ।"
"ਤੇਰਾਂ ਏਦਾਂ ਕਹਿਣ ਦਾ ਮਤਲਬ ਕੀ ਏ ? ਬ੍ਰਾਹਮਣ ਹੋ ਕੇ ਹੰਕਾਰ ਨਹੀਂ ਟੁੱਟਾ" ਫਿਰ ਆਖਿਆ, "ਬ੍ਰਾਹਮਣ ਦੇਵਤਾ, ਤੇਰੀ ਨਜ਼ਰ ਵਿਚ ਤੇਰੇ ਨਗਰ ਦਾ ਜਿਹੜਾ ਸਭ ਤੋਂ ਮੂਰਖ ਅਨਪੜ੍ਹ ਬੰਦਾ ਹੋਵੇ, ਆਪਣੀ ਮਰਜ਼ੀ ਦਾ ਲੈ ਆ ਤੇ ਉਹੋ ਤੇਰਾ ਉੱਤਰ ਦੇਵੇਗਾ ।"
ਗਾਗਰ ਲਈ ਆਉਂਦਾ ਇਕ ਝਿਉਰ ਨਜ਼ਰੀ ਪਿਆ ਜਿਸ ਸਾਰੀ ਉਮਰ ਉਸੇ ਬ੍ਰਾਹਮਣ ਦਾ ਪਾਣੀ ਭਰਿਆ ਸੀ । ਗੂੰਗਾ ਵੀ ਸੀ ਤੇ ਬੋਲ ਵੀ ਨਹੀਂ ਸੀ ਸਕਦਾ ।
'ਚਲੋ ਇਹੋ ਸਹੀ । ਹੋਰ ਕੀ ਲੱਭਣ ਜਾਣਾ ਏ ।”
"ਭਾਈ ਛੱਜੂ ਮੱਲ" ਅੱਖਾਂ ਮਲੀਆਂ ਛੱਜੂ ਨੇ । ਅੱਖਾਂ ਉਘੇੜੀਆਂ। ਅੱਖਾਂ 'ਚ ਅੱਖਾਂ ਪਾ ਕੇ ਗੁਰਾਂ ਫਰਮਾਇਆ, "ਭਗਤਾ! ਬ੍ਰਾਹਮਣ ਦੇਵਤਾ ਕੁੱਝ ਸੁਆਲ ਪੁੱਛਣਾ ਚਾਹੁੰਦੇ ਹਨ ਜ਼ਰਾ ਜੁਆਬ ਦਿਓ" ਸਤਿਗੁਰਾਂ ਆਪਣੀ ਸੋਟੀ ਉਹਦੇ ਸਿਰ ਨੂੰ ਛੁਹਾਈ ।
ਛੱਜੂ ਝੱਟ ਈ ਬੋਲ ਪਿਆ ਹੱਥ ਜੋੜਕੇ, "ਜ਼ਰੂਰ ਜੁਆਬ ਦੇਵਾਂਗਾ ਸਤਿਗੁਰੂ ।"
ਬ੍ਰਾਹਮਣ ਦੇਵਤਾ ਹੱਕਾ ਬੱਕਾ ਰਹਿ ਗਿਆ । ਇਹ ਤੇ ਗੂੰਗਾ ਸੀ ਐਨੀ ਛੇਤੀ ਜ਼ਬਾਨ ਕਿਥੋਂ ਮਿਲ ਗਈ ।